ਲੁਧਿਆਣਾ ਵਿਖੇ ਵਿਆਹ ‘ਚ ਸ਼ਰਾਬੀ ਨੇ ਚਲਾਈ ਗੋਲੀ, ਟੈਂਟ ਅਤੇ ਕੇਟਰਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਲੱਗੀ, ਹਾਲਤ ਗੰਭੀਰ
ਲੁਧਿਆਣਾ, 24 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਸ਼ਰਾਬੀ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜੋ ਉੱਥੇ ਖੜ੍ਹੇ ਇੱਕ ਨੌਜਵਾਨ ਨੂੰ ਜਾ ਲੱਗੀ। ਇਹ ਘਟਨਾ ਮਲਸੀਆ ਬਾਝਨ ਪਿੰਡ ਦੀ ਹੈ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਜਸਮਨ ਛੀਨਾ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਟੈਂਟ ਅਤੇ ਕੇਟਰਿੰਗ ਦਾ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਨੂੰ ਲੱਗੀ।
ਘਟਨਾ ਉਸ ਸਮੇਂ ਵਾਪਰੀ ਜਦੋਂ ਮਨਜਿੰਦਰ ਆਪਣੇ ਤਾਏ ਦੇ ਲੜਕੇ ਨਾਲ ਡੀਜੇ ਕੋਲ ਮੇਜ਼ ‘ਤੇ ਬੈਠਾ ਸੀ। ਮੁਲਜ਼ਮ ਜਸਮਨ ਉੱਥੇ ਪਹਿਲਾਂ ਹੀ ਮੌਜੂਦ ਸੀ। ਸ਼ਰਾਬ ਦੇ ਨਸ਼ੇ ‘ਚ ਉਸ ਨੇ ਰਿਵਾਲਵਰ ਕੱਢ ਲਿਆ। ਮਨਜਿੰਦਰ ਤੇ ਹੋਰਨਾਂ ਨੇ ਉਸ ਨੂੰ ਰਿਵਾਲਵਰ ਵਾਪਸ ਰੱਖਣ ਲਈ ਕਿਹਾ। ਜਦੋਂ ਉਸ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਉਥੋਂ ਜਾਣ ਲੱਗੇ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ।
ਗੋਲੀ ਮਨਜਿੰਦਰ ਦੀ ਬੈਲਟ ਨੂੰ ਚੀਰਦੀ ਹੋਈ ਉਸ ਦੀ ਰੀੜ੍ਹ ਦੀ ਹੱਡੀ ਤੱਕ ਜਾ ਪਹੁੰਚੀ। ਜ਼ਖਮੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਥੋਂ ਡਾਕਟਰਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਥਾਣਾ ਸਿੱਧਵਾਂ ਬੇਟ ਦੇ ਏ.ਐਸ.ਆਈ ਸੁਖਮੰਦਰ ਸਿੰਘ ਅਨੁਸਾਰ ਮੁਲਜ਼ਮ ਜਸਮਨ ਛੀਨਾ ਖ਼ਿਲਾਫ਼ ਧਾਰਾ 109 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਕੱਕੜ ਤਿਹਾੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਫਰਾਰ ਹੈ।
Published on: ਫਰਵਰੀ 24, 2025 7:33 ਪੂਃ ਦੁਃ