ਚੰਡੀਗੜ੍ਹ, 25 ਫਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਜਾਰੀ ਹੈ। ਪ੍ਰਸ਼ਨ-ਉੱਤਰ ਰਾਊਂਡ ਖਤਮ ਹੋਣ ਦੇ ਤੁਰੰਤ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਇਆ ਕਿ ਪੀ.ਐੱਸ.ਪੀ.ਸੀ.ਐੱਲ. ਦੀ ਇੱਕ ਐਸੋਸੀਏਸ਼ਨ ਮੁਤਾਬਕ, ਅਧਿਕਾਰੀਆਂ ਨੂੰ ਪੈਸੇ ਇਕੱਠੇ ਕਰਨ ਦੇ ਹੁਕਮ ਦਿੱਤੇ ਗਏ ਸਨ। ਇਹ ਪੈਸਾ ਦਿੱਲੀ ਚੋਣਾਂ ਲਈ ਵਰਤਣਾ ਸੀ।
ਇਸ ਤੋਂ ਬਾਅਦ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਾਂਗਰਸ ‘ਤੇ ਦੋਸ਼ ਲਗਾਉਣ ਸ਼ੁਰੂ ਕਰ ਦਿੱਤੇ।
ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਨੇ ਸਾਬਕਾ ਵਿਜੀਲੈਂਸ ਮੁਖੀ ਦੀ ਰਿਪੋਰਟ ‘ਤੇ ਵੀ ਸਵਾਲ ਖੜ੍ਹੇ ਕੀਤੇ। ਬਾਜਵਾ ਨੇ ਕਿਹਾ ਕਿ ਸਾਬਕਾ ਵਿਜੀਲੈਂਸ ਮੁਖੀ ਦੀ ਇੱਕ ਰਿਪੋਰਟ ਮੁਤਾਬਕ, 48 ਰਿਵੈਨਿਊ ਅਧਿਕਾਰੀ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਰਹੇ ਹਨ ਅਤੇ ਖੁਦ ਵੀ ਭ੍ਰਿਸ਼ਟ ਹਨ।ਉਨ੍ਹਾਂ ਕਿਹਾ ਕਿ ਇੱਕ ਰਿਟਾਇਰਡ ਰੈਵੇਨਿਊ ਅਫਸਰ ਨੇ ਵੀ ਦੋਸ਼ ਲਗਾਇਆ ਕਿ ਤਹਿਸੀਲ ਦਫ਼ਤਰਾਂ ‘ਚ ਹਰ ਮਹੀਨੇ 1000 ਕਰੋੜ ਦੀ ਰਿਸ਼ਵਤ ਚਲਦੀ ਹੈ। ਉਨ੍ਹਾਂ ਨੇ ਇਨ੍ਹਾਂ ਸਭ ਮਾਮਲਿਆਂ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਸੁਣਦੇ ਹੀ ਪੁੱਛਿਆ “ਬਾਜਵਾ ਸਾਹਿਬ, ਇਹ ਅੰਕੜਾ ਕਿੱਥੋਂ ਲੈਕੇ ਆਏ ਹੋ?”
ਇਸ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ।
ਅਖ਼ੀਰ ‘ਚ, AAP ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਸੀ। ਪੈਸਾ ਕਿਸ ਪਾਰਟੀ ਲਈ ਇਕੱਠਾ ਕਰਨ ਲਈ ਕਿਹਾ ਗਿਆ, ਇਹ ਅਜੇ ਤੱਕ ਸਾਫ਼ ਨਹੀਂ ਹੈ। ਇਸ ਤਰ੍ਹਾਂ ਕਿਸੇ ਇੱਕ ਪਾਰਟੀ ‘ਤੇ ਦੋਸ਼ ਲਗਾਉਣਾ ਠੀਕ ਨਹੀਂ। ਇਸ ਦੌਰਾਨ ਉਨ੍ਹਾਂ ਨੇ ਮੰਤਰੀ ਈ.ਟੀ.ਓ. ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵੀ ਹਵਾਲਾ ਦਿੱਤਾ।
Published on: ਫਰਵਰੀ 25, 2025 11:40 ਪੂਃ ਦੁਃ