ਕੇਂਦਰ ਵਲੋਂ ਵਕਫ਼ ਸੋਧ ਬਿੱਲ ‘ਚ 14 ਸੋਧਾਂ ਨੂੰ ਮਨਜ਼ੂਰੀ, ਰਿਪੋਰਟਾਂ ‘ਚ ਦਾਅਵਾ
ਨਵੀਂ ਦਿੱਲੀ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਕੇਂਦਰੀ ਮੰਤਰੀ ਮੰਡਲ ਨੇ ਵਕਫ਼ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਿੱਲ ਨੂੰ 19 ਫਰਵਰੀ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਸੀ। ਸਰਕਾਰ ਇਸ ਨੂੰ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਭਾਗ ‘ਚ ਪੇਸ਼ ਕਰ ਸਕਦੀ ਹੈ। ਬਜਟ ਸੈਸ਼ਨ ਦਾ ਦੂਜਾ ਹਿੱਸਾ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲੇਗਾ।
ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਰਿਪੋਰਟ ਦੇ ਆਧਾਰ ‘ਤੇ ਵਕਫ਼ ਬਿੱਲ ਦਾ ਨਵਾਂ ਖਰੜਾ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਜਟ ਸੈਸ਼ਨ ਦੇ ਪਹਿਲੇ ਪੜਾਅ ‘ਚ ਵਕਫ ਬਿੱਲ ‘ਤੇ ਜੇਪੀਸੀ ਦੀ ਰਿਪੋਰਟ 13 ਫਰਵਰੀ ਨੂੰ ਸੰਸਦ ‘ਚ ਪੇਸ਼ ਕੀਤੀ ਗਈ ਸੀ। ਵਿਰੋਧੀ ਧਿਰ ਨੇ ਇਸ ਰਿਪੋਰਟ ਨੂੰ ਫਰਜ਼ੀ ਦੱਸਿਆ ਸੀ। ਇਸ ਤੋਂ ਬਾਅਦ ਸੰਸਦ ‘ਚ ਹੰਗਾਮਾ ਹੋਇਆ ਸੀ।
ਵਕਫ਼ (ਸੋਧ) ਬਿੱਲ ਦੀ ਜਾਂਚ ਕਰ ਰਹੀ ਜੇਪੀਸੀ ਨੇ 27 ਜਨਵਰੀ ਨੂੰ ਡਰਾਫਟ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਸੀ। ਜੇਪੀਸੀ ਦੀ ਬੈਠਕ ‘ਚ 44 ਸੋਧਾਂ ‘ਤੇ ਚਰਚਾ ਕੀਤੀ ਗਈ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਸੰਸਦ ਮੈਂਬਰਾਂ ਦੀਆਂ 14 ਸੋਧਾਂ ਨੂੰ ਸਵੀਕਾਰ ਕੀਤਾ ਗਿਆ, ਜਦੋਂ ਕਿ ਵਿਰੋਧੀ ਧਿਰ ਦੀਆਂ ਸੋਧਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ।
Published on: ਫਰਵਰੀ 27, 2025 12:00 ਬਾਃ ਦੁਃ