ਮੋਗਾ, 27 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਵਿੱਚ ਚੱਲਦੇ ਟਰੈਕਟਰ ਤੋਂ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ ‘ਚ ਵਾਪਰਿਆ, ਜਿਸ ‘ਚ 64 ਸਾਲਾ ਔਰਤ ਦੀ ਮੌਤ ਹੋ ਗਈ।
ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਜਸਪਾਲ ਕੌਰ ਆਪਣੇ ਪਤੀ ਅਜਮੇਰ ਸਿੰਘ ਨਾਲ ਟਰੈਕਟਰ-ਟਰਾਲੀ ‘ਤੇ ਤੂੜੀ ਵੇਚਣ ਜਾ ਰਹੀ ਸੀ। ਜਸਪਾਲ ਕੌਰ ਪਿੰਡ ਨੂਰਪੁਰ ਹਕੀਮਾ ਨੇੜੇ ਚੱਲਦੇ ਟਰੈਕਟਰ ਤੋਂ ਹੇਠਾਂ ਡਿੱਗ ਗਈ ਤੇ ਟਰਾਲੀ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Published on: ਫਰਵਰੀ 27, 2025 1:21 ਬਾਃ ਦੁਃ