ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ
ਫਾਜ਼ਿਲਕਾ 27 ਫਰਵਰੀ, ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਅੱਜ ਇਥੋਂ ਦੇ ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਿਹਤ ਵਿਭਾਗ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਅਤੇ ਉਨਾਂ ਦੀ ਸਹੀ ਤਰੀਕੇ ਨਾਲ ਕਾਉਂਸਲਿੰਗ ਕੀਤੀ ਜਾਵੇ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਪ੍ਰੇਰਿਤ ਰਹਿਣ। ਉਹਨਾਂ ਨੇ ਕਿਹਾ ਕਿ ਇੱਥੇ ਮਰੀਜ਼ਾਂ ਦੇ ਉਸਾਰੂ ਗਤੀਵਿਧੀਆਂ ਵਿੱਚ ਲਗਾਉਣ ਲਈ ਵੀ ਉਪਰਾਲੇ ਕੀਤੇ ਜਾਣ ਤਾਂ ਜੋ ਉਹਨਾਂ ਦਾ ਆਤਮ ਵਿਸ਼ਵਾਸ ਬਣਿਆ ਰਵੇ ਅਤੇ ਉਹ ਨਸ਼ੇ ਦੀ ਮਾੜੀ ਆਦਤ ਤੋਂ ਪੱਕੇ ਤੌਰ ਤੇ ਛੁਟਕਾਰਾ ਪਾ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਇੱਥੇ ਇਲਾਜ ਲਈ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਕਿਹਾ ਕਿ ਉਹ ਲਗਾਤਾਰ ਇਹਨਾਂ ਨੂੰ ਹੌਸਲਾ ਦਿੰਦੇ ਰਹਿਣ ਤਾਂ ਜੋ ਇਹ ਨਸ਼ੇ ਦੇ ਮਾੜੀ ਆਦਤ ਤੋਂ ਪੱਕੇ ਤੌਰ ਤੇ ਛੁਟਕਾਰਾ ਪਾ ਸਕਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਵਲ ਸਰਜਨ ਅਤੇ ਮਨੋਰੋਗ ਮਾਹਿਰਾਂ ਨੂੰ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਜੇਕਰ ਕਿਸੇ ਸਹੂਲਤ ਦੀ ਘਾਟ ਹੈ ਤਾਂ ਉਹ ਤੁਰੰਤ ਪੂਰੀ ਕੀਤੀ ਜਾਵੇ ਤਾਂ ਜੋ ਇੱਥੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿਚ ਅਬੋਹਰ ਅਤੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ ਅਤੇ ਜੇਕਰ ਕੋਈ ਇਸ ਸਮੱਸਿਆ ਤੋਂ ਪੀੜਤ ਹੈ ਤਾਂ ਉਹ ਇੱਥੋਂ ਇਲਾਜ ਕਰਵਾਏ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਖੇ ਨਸ਼ੇ ਤੋਂ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਇੱਥੇ ਨਸ਼ਾ ਛੱਡਣ ਲਈ ਭਰਤੀ ਹੁੰਦਾ ਹੈ ਤਾਂ ਉਸਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ ਪ੍ਰਦੀਪ ਸਿੰਘ ਸੰਧੂ ਤੋਂ ਇਲਾਵਾ, ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜ਼ਿਲਕਾ, ਡਾ ਐਰਿਕ ਐਡੀਸਨ, ਡਾ ਮਹੇਸ਼ ਕੁਮਾਰ ਮਨੋ ਰੋਗ ਮਾਹਿਰ ਅਤੇ ਡਾ ਪਿਕਾਕਸ਼ੀ ਅਰੋੜਾ ਮਨੋ ਰੋਗ ਮਾਹਿਰ ਵੀ ਹਾਜ਼ਰ ਸਨ।
Published on: ਫਰਵਰੀ 27, 2025 5:05 ਬਾਃ ਦੁਃ