ਡੱਲੇਵਾਲ ਦਾ ਮਰਨ ਵਰਤ 94ਵੇਂ ਦਿਨ ‘ਚ ਦਾਖਲ,ਅੰਦੋਲਨਕਾਰੀ ਕਿਸਾਨਾਂ ਦੀ ਅੱਜ SKM ਆਗੂਆਂ ਨਾਲ ਹੋਵੇਗੀ ਏਕਤਾ ਮੀਟਿੰਗ
ਖਨੌਰੀ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ-2.0 ਨੂੰ ਅੱਜ (27 ਫ਼ਰਵਰੀ) ਨੂੰ ਹੋਰ ਮਜ਼ਬੂਤੀ ਮਿਲਣ ਦੇ ਪੂਰੇ ਆਸਾਰ ਹਨ। ਅੱਜ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਆਗੂਆਂ ਦੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਚੰਡੀਗੜ੍ਹ ਵਿੱਚ ਫਿਰ ਇੱਕ ਵਾਰ ਏਕਤਾ ਮੀਟਿੰਗ ਹੋਣ ਜਾ ਰਹੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਸਿਹਤ ਅਜੇ ਵੀ ਠੀਕ ਨਹੀਂ ਹੈ। ਉਨ੍ਹਾਂ ਨੂੰ 103.6 ਡਿਗਰੀ ਦਾ ਤੇਜ਼ ਬੁਖਾਰ ਹੋ ਗਿਆ ਸੀ। ਲਗਾਤਾਰ ਉਨ੍ਹਾਂ ਦੇ ਸਿਰ ’ਤੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਹੀਆਂ ਸਨ। ਦੂਜੇ ਪਾਸੇ, ਉਨ੍ਹਾਂ ਦੀ ਯੂਰੀਨ ਰਿਪੋਰਟ ਵਿੱਚ ਕੀਟੋਨ ਪੌਜ਼ੀਟਿਵ ਆਇਆ, ਜਿਸ ਤੋਂ ਬਾਅਦ ਹੁਣ ਯੂਰਿਕ ਐਸਿਡ ਦੀ ਰਿਪੋਰਟ ਵੀ ਠੀਕ ਨਹੀਂ ਆਈ।
ਇਸਦੇ ਬਾਵਜੂਦ ਉਹ ਮੋਰਚੇ ’ਤੇ ਡਟੇ ਹੋਏ ਹਨ। ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ’ਤੇ ਪਹੁੰਚਣ, ਤਾਂ ਜੋ ਇਸ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾ ਸਕੇ।
Published on: ਫਰਵਰੀ 27, 2025 7:43 ਪੂਃ ਦੁਃ