ਪੰਜਾਬ ‘ਚ ਸਰਕਾਰੀ ਯੋਜਨਾ ਅਧੀਨ 341 ਬੱਚਿਆਂ ਨੂੰ ਮੁਫ਼ਤ ਦਿਲ ਦੀਆਂ ਸਰਜਰੀਆਂ ਨਾਲ ਦਿੱਤਾ ਨਵਾਂ ਜੀਵਨ

ਪੰਜਾਬ

ਪੰਜਾਬ ਵਿੱਚ ਸਰਕਾਰੀ ਯੋਜਨਾ ਅਧੀਨ 341 ਬੱਚਿਆਂ ਨੂੰ ਮੁਫ਼ਤ ਦਿਲ ਦੀਆਂ ਸਰਜਰੀਆਂ ਨਾਲ ਦਿੱਤਾ ਨਵਾਂ ਜੀਵਨ

— ਪੰਜਾਬ ਦੇ ਸੂਚੀਬੱਧ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਇਹਨਾਂ ਜੀਵਨ ਰੱਖਿਅਕ ਪ੍ਰਕਿਰਿਆਵਾਂ ‘ਤੇ ਲਗਭਗ 3.52 ਕਰੋੜ ਰੁਪਏ ਦੀ ਰਾਸ਼ੀ ਖਰਚ

— ਸੂਬੇ ਭਰ ਵਿੱਚ ਤਾਇਨਾਤ ਮੋਬਾਈਲ ਸਿਹਤ ਟੀਮਾਂ ਨਿਯਮਿਤ ਤੌਰ ‘ਤੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀਆਂ ਦਾ ਦੌਰਾ ਕਰਕੇ ਬੱਚਿਆਂ ਦੀ ਜਾਂਚ ਕਰ ਰਹੀਆਂ ਹਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ, 27 ਫਰਵਰੀ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਸਭ ਤੋਂ ਛੋਟੇ ਉਮਰ ਦੇ ਨਾਗਰਿਕਾਂ ਦੀ ਸਿਹਤ ਦੀ ਰਾਖੀ ਅਤੇ ਉਨ੍ਹਾਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅਹਿਮ ਪਹਿਲਕਦਮੀ ਕਰਦਿਆਂ ਵਿੱਤੀ ਸਾਲ 2024-25 ਦੌਰਾਨ ਹੁਣ ਤੱਕ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ 341 ਬੱਚਿਆਂ ਦੇ ਮੁਫ਼ਤ ਸਫਲਤਾਪੂਰਵਕ ਦਿਲ ਦੇ ਆਪ੍ਰੇਸ਼ਨ ਕਰਵਾਏ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।

ਜਾਣਕਾਰੀ ਮੁਤਾਬਕ, ਜਮਾਂਦਰੂ ਦਿਲ ਦੀ ਬਿਮਾਰੀ ਇੱਕ ਜਨਮ ਨੁਕਸ ਹੈ ਜੋ ਦਿਲ ਜਾਂ ਇਸਦੇ ਨਜਦੀਕੀ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਇਲਾਜ ਲਈ ਅਕਸਰ ਮਹਿੰਗੀਆਂ ਸਰਜਰੀਆਂ ਦੀ ਲੋੜ ਹੁੰਦੀ ਹੈ ਜੋ ਬਹੁਤ ਸਾਰੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ।

ਇਸ ਚੁਣੌਤੀ ਨੂੰ ਸਮਝਦਿਆਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਜਿਊਣ ਦਾ ਦੂਜਾ ਮੌਕਾ ਦਿੰਦੇ ਹੋਏ ਇਲਾਜ ਦੀ ਸਾਰੀ ਲਾਗਤ ਨੂੰ ਪੂਰਾ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਇਹ ਪਹਿਲਕਦਮੀ ਵਿਆਪਕ ਰਾਸ਼ਟਰੀ ਬਾਲ ਸਵਾਸਥ ਕਾਰਜਕਰਮ (ਆਰ.ਬੀ.ਐਸ.ਕੇ.) ਜੋ ਕਿ ਬੱਚਿਆਂ ਵਿੱਚ ਸਿਹਤ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਕਰਨ ਲਈ ਇੱਕ ਰਾਸ਼ਟਰੀ ਪ੍ਰੋਗਰਾਮ ਹੈ, ਦੇ ਹਿੱਸੇ ਵਜੋਂ ਕੀਤੀ ਗਈ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵਿੱਤੀ ਸਾਲ 2024-25 (ਦਸੰਬਰ 2024 ਤੱਕ) ਦੌਰਾਨ, ਸਰਕਾਰ ਵੱਲੋਂ ਸੂਬੇ ਭਰ ਦੇ ਵੱਕਾਰੀ ਸੂਚੀਬੱਧ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਇਨ੍ਹਾਂ ਜੀਵਨ-ਰੱਖਿਅਕ ਪ੍ਰਕਿਰਿਆਵਾਂ ‘ਤੇ 3.52 ਕਰੋੜ ਰੁਪਏ ਖਰਚ ਕੀਤੇ ਹਨ।

ਉਨ੍ਹਾਂ ਕਿਹਾ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਮੋਬਾਈਲ ਸਿਹਤ ਟੀਮਾਂ ਤਾਇਨਾਤ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਟੀਮ ਵਿੱਚ ਚਾਰ ਮੈਂਬਰ ਹੁੰਦੇ ਹਨ ਜਿਹਨਾਂ ਵਿੱਚ ਦੋ ਡਾਕਟਰ (ਇੱਕ ਪੁਰਸ਼ ਅਤੇ ਇੱਕ ਔਰਤ), ਇੱਕ ਨਰਸ, ਅਤੇ ਡਾਟਾ ਪ੍ਰਬੰਧਨ ਵਿੱਚ ਹੁਨਰਮੰਦ ਇੱਕ ਫਾਰਮਾਸਿਸਟ ਸ਼ਾਮਲ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਇਹ ਟੀਮਾਂ ਸਾਰੇ ਲੋੜੀਂਦੇ ਟੈਸਟਿੰਗ ਉਪਕਰਨਾਂ, ਦਵਾਈਆਂ ਅਤੇ ਵਾਹਨਾਂ ਨਾਲ ਲੈਸ ਹਨ, ਅਤੇ ਬੱਚਿਆਂ ਦੀ ਸਿਹਤ ਸੰਬੰਧੀ ਜਾਂਚ ਕਰਨ ਲਈ ਨਿਯਮਿਤ ਤੌਰ ‘ਤੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀਆਂ ਦਾ ਦੌਰਾ ਕਰਦੀਆਂ ਹਨ।

ਇਸ ਪ੍ਰੋਗਰਾਮ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਤਹਿਤ ਹਰੇਕ ਬੱਚੇ ਲਈ ਇੱਕ ਹੈਲਥ ਕਾਰਡ ਤਿਆਰ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੇ ਡਾਕਟਰੀ ਇਤਿਹਾਸ, ਵਾਧਾ ਅਤੇ ਵਿਕਾਸ ਨੂੰ ਟਰੈਕ ਕਰਦਾ ਹੈ। ਇਹ ਡਿਜੀਟਲ ਰਿਕਾਰਡ ਨਿਰੰਤਰ ਨਿਗਰਾਨੀ ਅਤੇ ਸਮੇਂ ਸਿਰ ਦਖਲ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਬੱਚਿਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।

ਡਾ. ਬਲਬੀਰ ਸਿੰਘ ਨੇ ਸੂਬੇ ਭਰ ਵਿੱਚ ਸਿਹਤ ਸੰਭਾਲ ਦੀ ਨੁਹਾਰ ਬਦਲਣ ਪ੍ਰਤੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਹੁਰਾਇਆ। ਉਨ੍ਹਾਂ ਕਿਹਾ, “ਇਹ ਪਹਿਲਕਦਮੀ ਪੰਜਾਬ ਦੇ ਸਾਰੇ ਬੱਚਿਆਂ ਲਈ ਸਿਹਤਮੰਦ ਬਚਪਨ ਦੀ ਰੱਖਿਆ ਅਤੇ ਉਤਸ਼ਾਹਿਤ ਕਰਨ ਪ੍ਰਤੀ ਸਾਡੀ ਸਰਕਾਰ ਦੇ ਸਮਰਪਣ ਦਾ ਪ੍ਰਮਾਣ ਹੈ। ਅਸੀਂ ਆਪਣੇ ਸੂਬੇ ਨੂੰ ਸਿਹਤ ਸੰਭਾਲ ਉੱਤਮਤਾ ਲਈ ਇੱਕ ਮਾਡਲ ਬਣਾਉਣ ਲਈ ਵਚਨਬੱਧ ਹਾਂ, ਅਤੇ ਇਹ ਪ੍ਰਾਪਤੀ ਇਸ ਟੀਚੇ ਵੱਲ ਇੱਕ ਅਹਿਮ ਕਦਮ ਹੈ।”

Published on: ਫਰਵਰੀ 27, 2025 9:10 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।