ਹਿਮਾਚਲ ‘ਚ ਜਿਓ ਪੈਟਰੋਲ ਪੰਪ ਲੁੱਟਣ ਵਾਲੇ ਦੋ ਪੰਜਾਬੀ ਗ੍ਰਿਫ਼ਤਾਰ
ਚੰਡੀਗੜ੍ਹ, 27 ਫਰਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਵਿੱਚ ਟਾਹਲੀਵਾਲ ਇੰਡਸਟਰੀਅਲ ਏਰੀਆ ਸਥਿਤ ਜਿਓ ਪੈਟਰੋਲ ਪੰਪ ’ਤੇ ਹੋਈ ਲੁੱਟ ਦਾ ਪੁਲਿਸ ਨੇ ਖੁਲਾਸਾ ਕਰ ਦਿੱਤਾ ਹੈ। ਪੁਲਿਸ ਨੇ ਪੰਜਾਬ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਖੀ ਰਾਕੇਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਰਾਤ 3:15 ਵਜੇ ਹਥਿਆਰਾਂ ਦੇ ਨਾਲ ਪੈਟਰੋਲ ਪੰਪ ’ਤੇ ਲੁੱਟ ਕੀਤੀ ਸੀ। ਦੋਵੇਂ 60,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਸਨ।
ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਹਿਚਾਣ ਕੀਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਮਨਪ੍ਰੀਤ ਸਿੰਘ ਅਤੇ ਨਵਾਂਸ਼ਹਿਰ ਦਾ ਬਲਵਿੰਦਰ ਸਿੰਘ ਸ਼ਾਮਲ ਹਨ। ਦੋਵੇਂ ਨਸ਼ੇ ਦੇ ਆਦੀ ਹਨ ਅਤੇ ਪੰਜਾਬ ਵਿੱਚ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।
ਜਾਂਚ ਦੌਰਾਨ ਪਤਾ ਲੱਗਿਆ ਕਿ ਵਾਰਦਾਤ ਤੋਂ 3 ਘੰਟੇ ਪਹਿਲਾਂ ਮੁਲਜ਼ਮਾਂ ਨੇ ਸਵਿਫਟ ਕਾਰ ’ਚ ਰੇਕੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਵਾਰਦਾਤ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
Published on: ਫਰਵਰੀ 27, 2025 7:38 ਪੂਃ ਦੁਃ