ਅੰਮ੍ਰਿਤਸਰ: 1 ਮਾਰਚ, ਦੇਸ਼ ਕਲਿੱਕ ਬਿਓਰੋ
ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਹਟਾਏ ਜਾਣ ਦੀਆਂ ਚਰਚਾਵਾਂ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਮੈਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਮੈਂ ਕੱਪੜੇ ਬੈਗ ਵਿੱਚ ਪਾਏ ਹੋਏ ਨੇ, ਕੋਈ ਪਰਵਾਹ ਨਹੀਂ।
ਗਿਆਨੀ ਰਘਬੀਰ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ।
ਗਿਆਨੀ ਰਘਬੀਰ ਸਿੰਘ ਨੇ ਉਨ੍ਹਾ ਨੂੰ ਅਹੁਦੇ ਤੋਂ ਹਟਾਏ ਜਾਣ ਦੀਆਂ ਚਰਚਾਵਾਂ ਤੇ ਕਿਹਾ ਕਿ ਚਰਚਾਵਾਂ ਤਾਂ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਹਨ। ਉ੍ਹਨਾਂ ਕਿਹਾ ਜੇ ਉਨ੍ਹਾਂ ਦੀ ਸੇਵਾ ਸਮਾਪਤ ਹੁੰਦੀ ਹੈ ਤਾਂ ਗੁਰੂ ਦੇ ਹੁਕਮ ਨਾਲ ਹੋਵੇਗੀ ਅਤੇ ਜੇ ਇਹ ਸੇਵਾ ਕਰਨੀ ਹੈ ਤਾਂ ਗੁਰੂ ਦੇ ਹੁਕਮ ਅਨੁਸਾਰ ਹੀ ਕਰਨੀ ਹੈ।
ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਰਤੀ ਦੋ ਦਸੰਬਰ ਦੇ ਹੁਕਮ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਨੂੰ ਰੱਦ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ, 2024 ਨੂੰ ਕੀਤੇ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਅਜੇ ਸ਼ੁਰੂ ਕੀਤੀ ਜਾਣੀ ਹੈ ਅਤੇ ਇਹ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਵੇਗੀ। ਉਨ੍ਹਾਂ ਆਖ਼ਿਆ ਕਿ ਅਕਾਲੀ ਦਲ ਦੀ ਚੱਲ ਰਹੀ ਭਰਤੀ ਪ੍ਰਕ੍ਰਿਆ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਦੋ ਚਾਰ ਦਿਨਾਂ ਦੇ ਅੰਦਰ ਹੀ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਇਸ ਦੌਰਾਨ 7 ਮੈਂਬਰੀ ਕਮੇਟੀ ਦੇ ਬਾਕੀ ਰਹਿੰਦੇ 5 ਮੈਂਬਰਾਂ ਵਿੱਚੋਂ ਹੀ ਕਿਸੇ ਆਗੂ ਨੂੰ ਕਮੇਟੀ ਦਾ ਕੋਆਰਡੀਨੇਟਰ ਬਣਾ ਦਿੱਤਾ ਜਾਵੇਗਾ ਅਤੇ ਇਹ ਆਦੇਸ਼ ਕੀਤਾ ਜਾਵੇਗਾ ਕਿ ਇਹ ਕਮੇਟੀ 2 ਦਸੰਬਰ, 2024 ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਭਰਤੀ ਪ੍ਰਕ੍ਰਿਆ ਸ਼ੁਰੂ ਕਰੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ ਉਨ੍ਹਾ ਕੋਲ ਨਹੀਂ ਪਹੁੰਚਿਆ।
Published on: ਮਾਰਚ 1, 2025 1:10 ਬਾਃ ਦੁਃ