ਚੰਡੀਗੜ੍ਹ, 1 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਅੰਬਾਲਾ ਸਿਟੀ ਵਿਖੇ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਅੱਜ ਸ਼ਨੀਵਾਰ ਨੂੰ ਗੋਲੀਆਂ ਚਲਾਈਆਂ ਗਈਆਂ। ਇੱਥੇ ਕਾਲੀ ਸਕਾਰਪਿਓ ਗੱਡੀ ਵਿੱਚ ਸਵਾਰ ਹੋਕੇ ਆਏ 2 ਨੌਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਮੌਕੇ ਦੇ CCTV ਫੁਟੇਜ ਚੈੱਕ ਕਰਕੇ ਗੋਲੀਬਾਰੀ ਕਰਨ ਵਾਲਿਆਂ ਦੀ ਭਾਲ ਵਿੱਚ ਜੁਟ ਗਈ ਹੈ।
ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ 3 ਗੋਲੀਆਂ ਦੇ ਖੋਲ ਮਿਲੇ ਹਨ। ਨਾਲ ਹੀ, ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਕੋਰਟ ਦੇ ਗੇਟ ਦੇ ਨੇੜੇ ਗੋਲੀਆਂ ਚਲਾਈਆਂ। ਉਹ ਪੇਸ਼ੀ ’ਤੇ ਆਏ ਇਕ ਨੌਜਵਾਨ ’ਤੇ ਹਮਲਾ ਕਰਨ ਆਏ ਸਨ।
ਜਾਣਕਾਰੀ ਮੁਤਾਬਕ, ਕੋਰਟ ਵਿਚ ਪੇਸ਼ੀ ਲਈ ਆਏ ਨੌਜਵਾਨ ਅਮਨ ਸੋਨਕਰ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਘਟਨਾ ਦੀ ਜਾਂਚ-ਪੜਤਾਲ ਲਈ ਸਿਟੀ ਥਾਣਾ ਇੰਚਾਰਜ ਸੁਨੀਲ ਵਤਸ ਅਤੇ DSP ਰਜਤ ਗੁਲੀਆ ਮੌਕੇ ’ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਅੰਬਾਲਾ ਕੈਂਟ ਦੀ ਖਟੀਕ ਮੰਡੀ ਵਿੱਚ ਰਹਿਣ ਵਾਲਾ ਅਮਨ ਸੋਨਕਰ ਕੋਰਟ ਵਿੱਚ ਪੇਸ਼ੀ ਲਈ ਆਇਆ ਸੀ। ਜਦੋਂ ਉਹ ਗੇਟ ਦੇ ਕੋਲ ਪਹੁੰਚਿਆ ਤਾਂ ਗੱਡੀ ਵਿੱਚ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾਈਆਂ। ਦੋਵਾਂ ਵਿਚਕਾਰ ਪੁਰਾਣੀ ਰੰਜਿਸ਼ ਦਾ ਮਾਮਲਾ ਲਗਦਾ ਹੈ।
Published on: ਮਾਰਚ 1, 2025 2:04 ਬਾਃ ਦੁਃ