‘ਯੁੱਧ ਨਸ਼ਿਆਂ ਦੇ ਵਿਰੁੱਧ’: ਪੰਜਾਬ ਪੁਲਿਸ ਨੇ ਸੂਬਾ ਪੱਧਰੀ ਕਾਰਵਾਈ ਦੌਰਾਨ 290 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ



ਚੰਡੀਗੜ੍ਹ, 1 ਮਾਰਚ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ‘‘ਯੁੱਧ ਨਸ਼ਿਆਂ ਦੇ ਵਿਰੁੱਧ’’ ਛੇੜਨ ਤੋਂ ਇੱਕ ਦਿਨ ਬਾਅਦ, ਪੰਜਾਬ ਪੁਲਿਸ ਵੱਲੋਂ ਅੱਜ ਸੂਬੇ ਭਰ ਵਿੱਚ ਪਛਾਣੇ ਗਏ ਡਰੱਗ ਹੌਟਸਪੌਟਸ – ਨਸ਼ਿਆਂ ਅਤੇ ਸਾਈਕੋਟਰੋਪਿਕ ਪਦਾਰਥਾਂ ਦੀ ਵਿਕਰੀ ਵਾਲੀਆਂ ਥਾਵਾਂ – ’ਤੇ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀ.ਏ.ਐਸ.ਓ.) ਚਲਾਈ ਗਈ। ਇਸ ਆਪ੍ਰੇਸ਼ਨ ਦੌਰਾਨ 232 ਐਫਆਈਆਰਜ਼ ਦਰਜ ਕਰਕੇ 290 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਚਾਰ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ 8.14 ਕਿਲੋਗ੍ਰਾਮ ਹੈਰੋਇਨ, 1.21 ਕਿਲੋਗ੍ਰਾਮ ਅਫੀਮ, 3.5 ਕਿਲੋਗ੍ਰਾਮ ਗਾਂਜਾ, 19 ਕਿਲੋਗ੍ਰਾਮ ਭੁੱਕੀ, 700 ਗ੍ਰਾਮ ਚਰਸ, 16,238 ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ ਅਤੇ 8.02 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਇਹ ਆਪ੍ਰੇਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਮੁਕੰਮਲ ਤੌਰ ‘ਤੇ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਹੁਕਮ ਦੇਣ ਤੋਂ ਇੱਕ ਦਿਨ ਬਾਅਦ ਚਲਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ, ਜੋ ਨਿੱਜੀ ਤੌਰ ’ਤੇ ਇਸ ਸੂਬਾ ਪੱਧਰੀ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ, ਨੇ ਦੱਸਿਆ ਕਿ ਇਹ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਚਲਾਈ ਗਈ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਤੋਂ ਸਪੈਸ਼ਲ ਡੀ.ਜੀ.ਪੀ./ਏ.ਡੀ.ਜੀ.ਪੀ./ਆਈਜੀਪੀ/ਡੀ.ਆਈ.ਜੀ.  ਰੈਂਕ ਦੇ ਅਧਿਕਾਰੀ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਇਸ ਆਪ੍ਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਤਾਇਨਾਤ ਕੀਤੇ ਗਏ ਸਨ।

ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਕਿ ਐਸਏਐਸ ਨਗਰ ਦੇ ਬਲੌਂਗੀ ਵਿਖੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਦੀਪਕ ਪਾਰੀਕ ਨਾਲ ਖੁਦ ਅਗਵਾਈ ਕਰਨ ਪਹੁੰਚੇ ਸਨ, ਨੇ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਇਸ ਅਪ੍ਰੇਸ਼ਨ ਦੀ ਯੋਜਨਾ ਬਣਾਉਣ ਅਤੇ ਅਜਿਹੇ ਖੇਤਰਾਂ ਵਿੱਚ ਛਾਪੇ ਮਾਰਨ ਲਈ ਕਿਹਾ ਗਿਆ ਸੀ, ਜੋ ਪੁਲਿਸ ਫੋਰਸ ਦੀ ਭਾਰੀ ਤਾਇਨਾਤੀ  ਦੇ ਬਾਵਜੂਦ ਨਸ਼ਾ ਤਸਕਰਾਂ ਦੀ ਪਨਾਹਗਾਹ/ਸੁਰੱਖਿਅਤ ਛੁਪਣਗਾਹ ਬਣ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ ਅਤੇ ਅਜਿਹੇ ਆਪ੍ਰੇਸ਼ਨ ਰਾਜ ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹਿਣਗੇ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 233 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 8368 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ  ਵਾਲੀਆਂ 900 ਤੋਂ ਵੱਧ ਪੁਲਿਸ ਟੀਮਾਂ ਨੇ ਲਗਭਗ 369 ਡਰੱਗ ਹੌਟਸਪੌਟਾਂ ’ਤੇ ਤਲਾਸ਼ੀ ਕੀਤੀ ਹੈ ਅਤੇ 798 ਖੇਤਰਾਂ ਵਿੱਚ ਛਾਪੇ ਮਾਰੇ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 2000 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਅਤੇ 27 ਵਿਅਕਤੀਆਂ ਵਿਰੁੱਧ ਇਹਤਿਆਤੀ  ਕਾਰਵਾਈ ਕੀਤੀ ਹੈ, ਜਦੋਂ ਕਿ ਪੰਜ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ।

ਖੇਤਰ ਵਿੱਚ ਜਾਣ ਵਾਲੇ ਹੋਰ ਅਧਿਕਾਰੀਆਂ ਵਿੱਚ ਸਪੈਸ਼ਲ ਡੀ.ਜੀ.ਪੀ. ਪੀ.ਐਸ.ਪੀ.ਸੀ.ਐਲ. ਡਾ: ਜਤਿੰਦਰ ਜੈਨ, ਏ.ਡੀ.ਜੀ.ਪੀ. ਟਰੈਫਿਕ ਏ.ਐਸ. ਰਾਏ, ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਐਸ.ਪੀ.ਐਸ. ਪਰਮਾਰ, ਏ.ਡੀ.ਜੀ.ਪੀ. ਸਟੇਟ ਆਰਮਡ ਫੋਰਸਿਜ਼ ਐਮ.ਐਫ. ਫਾਰੂਕੀ, ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਸ਼ਿਵ ਕੁਮਾਰ ਵਰਮਾ, ਅਤੇ ਆਈਜੀਪੀ ਟੈਕਨੀਕਲ ਸਪੋਰਟ ਸਰਵਿਸਿਜ਼  ਪ੍ਰਦੀਪ ਕੁਮਾਰ ਯਾਦਵ, ਆਈ.ਜੀ.ਪੀ. ਇੰਟੈਲੀਜੈਂਸ ਬਾਬੂ ਲਾਲ ਮੀਨਾ, ਆਈ.ਜੀ.ਪੀ. ਜੀ.ਆਰ.ਪੀ. ਪੰਜਾਬ ਬਲਜੋਤ ਸਿੰਘ ਰਾਠੌਰ ਅਤੇ ਆਈ.ਜੀ.ਪੀ. ਗੁਰਦਿਆਲ ਸਿੰਘ ਸ਼ਾਮਲ ਹਨ।

ਜ਼ਿਕਰਯੋਗ ਹੈ  ਕਿ ਰਾਜ ਸਰਕਾਰ ਨੇ ਰਾਜ ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ – ਇਨਫੋਰਸਮੈਂਟ, ਡੈੱਡਿਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) – ਲਾਗੂ ਕੀਤੀ ਹੈ।

Published on: ਮਾਰਚ 1, 2025 7:55 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।