ਦਲਜੀਤ ਕੌਰ
ਚੰਡੀਗੜ੍ਹ/ਬਰਨਾਲਾ, 2 ਮਾਰਚ, 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਖਿਲਾਫ ਪਰਚਾ ਰੱਦ ਹੋਣ ਨੂੰ ਲੋਕ ਤਾਕਤ ਦੀ ਵੱਡੀ ਜਿੱਤ ਦੱਸਿਆ ਹੈ।
ਵਰਨਣਯੋਗ ਹੈ ਕਿ ਪਿਛਲੇ ਦਿਨੀ ਮਨਿੰਦਰਜੀਤ ਸਿੱਧੂ ਦੇ ਖਿਲਾਫ ਪਰਚਾ ਦਰਜ ਹੋਣ ਸਬੰਧੀ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਜਨਤਕ ਜਥੇਬੰਦੀਆਂ, ਪੱਤਰਕਾਰ ਜਥੇਬੰਦੀਆਂ ਅਤੇ ਸਾਰੇ ਇਨਸਾਫ ਪਸੰਦ ਲੋਕਾਂ ਦਾ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਕਿਹਾ ਸੀ ਕਿ ਮਨਿੰਦਰਜੀਤ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਵਾਉਣ ਵਾਲਾ ਐਮਐਲਏ ਬਲਕਾਰ ਸਿੱਧੂ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ, ਪਰਚਾ ਰੱਦ ਕਰਵਾਉਣ ਲਈ ਲੋਕਾਂ ਦੇ ਏਕੇ ਦੀ ਲੋੜ ਹੈ। ਸੂਬਾ ਪ੍ਰਧਾਨ ਨੇ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਕਿਹਾ ਸੀ ਕਿ ਉਹ ਜਨਤਕ ਤੌਰ ਤੇ ਖੁੱਲ੍ਹ ਕੇ ਵਿਚਰੇ, ਉਸ ਦੀ ਹਵਾ ਵੱਲ ਵੀ ਕੋਈ ਨਹੀਂ ਦੇਖ ਸਕੇਗਾ।
ਸੋ ਉਹ ਗੱਲ ਸੱਚ ਹੋ ਗਈ ਹੈ। ਲੋਕ ਤਾਕਤ ਦੀ ਜਿੱਤ ਹੋਈ ਹੈ। ਆਗੂਆਂ ਨੇ ਕਿਹਾ ਕਿ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਡਰਨਾ ਚਾਹੀਦਾ, ਹਰ ਜਗ੍ਹਾ ਆਪਣਾ ਏਕਾ ਮਜ਼ਬੂਤ ਕਰਕੇ ਗਲਤ ਵਰਤਾਰਿਆਂ ਦੇ ਖਿਲਾਫ ਬੋਲਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿੱਥੇ ਵੀ ਲੋਕਾਂ ਤੇ ਜਬਰ ਹੋਵੇਗਾ ਉਥੇ ਲੋਕਾਂ ਦੀ ਬਾਂਹ ਫੜੇਗੀ ਅਤੇ ਪੂਰੀ ਤਾਕਤ ਨਾਲ ਹਰ ਧੱਕੇਸ਼ਾਹੀ ਦਾ ਵਿਰੋਧ ਕਰੇਗੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜ ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਹਨਾਂ ਦੀ ਜਥੇਬੰਦੀ ਦੇ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਚਾਰ ਮਾਰਚ ਨੂੰ ਹੀ ਚੰਡੀਗੜ੍ਹ ਵੱਲ ਚਾਲੇ ਪਾ ਦੇਣਗੇ। ਉਹਨਾਂ ਨੇ ਗੈਸ ਫੈਕਟਰੀਆਂ ਖਿਲਾਫ ਲੜ ਰਹੇ ਮੋਰਚਿਆਂ ਤੇ ਜਬਰ ਬੰਦ ਕਰਨ, ਕੈਂਸਰ ਫੈਕਟਰੀਆਂ ਵਿਰੋਧੀ ਕਮੇਟੀ ਦੀਆਂ ਮੰਗਾਂ ਮੰਨਣ ਅਤੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ ਅਤੇ ਤਿਲੰਗਾਨਾ ਵਾਲਾ ਤਿੰਨ ਲੱਖ ਰੁਪਏ ਤੁਰੰਤ ਦੇਣ ਦੀ ਮੰਗ ਵੀ ਕੀਤੀ।
Published on: ਮਾਰਚ 2, 2025 8:19 ਬਾਃ ਦੁਃ