ਚੰਡੀਗੜ੍ਹ, 2 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਦੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਜਨਤਕ ਅਤੇ ਕੌਮੀ ਸੁਰੱਖਿਆ ‘ਤੇ ਇਸ ਦੇ ਪ੍ਰਭਾਵ ਨੂੰ ਨਸ਼ਰ ਕੀਤਾ।
ਇੱਥੇ ਲਾਅ ਭਵਨ ਵਿਖੇ ਹੋਈ ‘ਸਾਈਬਰ ਕਰਾਈਮ, ਫੋਰੈਂਸਿਕ ਅਤੇ ਲਾਅ ਵਰਕਸ਼ਾਪ’ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਤਕਨਾਲੋਜੀ ਰਾਹੀਂ ਹੋਣ ਵਾਲੇ ਅਪਰਾਧਾਂ ਅਤੇ ਫੋਰੈਂਸਿਕ ਜਾਂਚ ਬਾਰੇ ਇਸ ਵਰਕਸ਼ਾਪ ਦੀ ਮੇਜ਼ਬਾਨੀ ਲਈ ਟਰੂਥ ਲੈਬਜ਼, ਨਸਦੀਪ ਫਾਊਂਡੇਸ਼ਨ ਅਤੇ ਪ੍ਰਾਊਡ ਲੀਗਲ ਦੀ ਸ਼ਲਾਘਾ ਕੀਤੀ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਨਾਜ਼ੁਕ ਬੁਨਿਆਦੀ ਢਾਂਚੇ, ਜਿਸ ਵਿੱਚ ਪਾਵਰ ਗਰਿੱਡ, ਵਾਟਰ ਸਿਸਟਮ ਅਤੇ ਟਰਾਂਸਪੋਰਟੇਸ਼ਨ ਨੈੱਟਵਰਕ ਸ਼ਾਮਲ ਹਨ, ਲਈ ਸਾਈਬਰ ਖਤਰਿਆਂ ਕਾਰਨ ਚਣੌਤੀਆਂ ਪੈਦਾ ਹੋਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਮਜ਼ਬੂਤ ਸਾਈਬਰ ਸੁਰੱਖਿਆ ਢਾਂਚੇ ਨੂੰ ਲਾਗੂ ਅਤੇ ਸਮਰੱਥਾ ਨਿਰਮਾਣ ਵਿੱਚ ਨਿਵੇਸ਼ ਕਰਨ ਦੇ ਨਾਲ-ਨਾਲ ਜਨਤਕ-ਨਿੱਜੀ ਭਾਈਵਾਲੀ ਨੂੰ ਉਤਸ਼ਾਹਿਤ ਕਰਕੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਨੇ ਸਾਈਬਰ ਖਤਰਿਆਂ ਦਾ ਮੁਕਾਬਲਾ ਕਰਨ ਲਈ ਕਾਨੂੰਨੀ ਮਾਹਿਰਾਂ, ਤਕਨਾਲੋਜੀ ਮਾਹਿਰਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਿਵਲ ਸੁਸਾਇਟੀ ਨੂੰ ਸ਼ਾਮਲ ਕਰਨ ਲਈ ਸਹਿਯੋਗੀ ਪਹੁੰਚ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਾਨੂੰਨੀ ਪੇਸ਼ੇਵਰਾਂ ਨੂੰ ਨਿਆਂਪਾਲਿਕਾ ਅਤੇ ਕਾਨੂੰਨੀ ਭਾਈਚਾਰੇ ਲਈ ਸਰਕਾਰੀ ਸਹਾਇਤਾ ਦਾ ਭਰੋਸਾ ਦਿੰਦੇ ਹੋਏ ਡਿਜੀਟਲ ਸਬੂਤਾਂ ਅਤੇ ਉੱਭਰਦੀਆਂ ਤਕਨੀਕਾਂ ਨਾਲ ਨਜਿੱਠਣ ਵਿੱਚ ਮੁਹਾਰਤ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।
ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਸਾਈਬਰ ਸੁਰੱਖਿਆ ਅਤੇ ਸਾਈਬਰ ਕਾਨੂੰਨ ਵਿੱਚ ਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਇਸ ਖੇਤਰ ਦੇ ਸ਼ਾਨਦਾਰ ਮੌਕਿਆਂ ਅਤੇ ਸਮਾਜ ਦੀ ਸੁਰੱਖਿਆ ਵਿੱਚ ਇਨ੍ਹਾਂ ਦੇ ਯੋਗਦਾਨ ਦਾ ਜਿਕਰ ਕੀਤਾ। ਕੈਬਨਿਟ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਵਰਕਸ਼ਾਪ ਦੌਰਾਨ ਸਾਂਝਾ ਕੀਤਾ ਗਿਆ ਗਿਆਨ ਠੋਸ ਕਾਰਵਾਈਆਂ ਵਿੱਚ ਤਬਦੀਲ ਹੋ ਕੇ ਸਾਈਬਰ ਖਤਰਿਆਂ ਦਾ ਟਾਕਰਾ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਸ੍ਰੀ ਜਸਟਿਸ ਤਲਵੰਤ ਸਿੰਘ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸ੍ਰੀ ਪੀ.ਐਸ. ਹੁੰਦਲ, ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਜਗਦੀਪ ਸਿੰਘ ਮਰੋਕ, ਸ੍ਰੀ ਯੂ. ਰਾਮਮੋਹਨ ਆਈ.ਪੀ.ਐਸ., ਸ੍ਰੀ ਇਮੈਨੁਅਲ ਪ੍ਰੇਮ ਕੁਮਾਰ ਬੀ., ਸ੍ਰੀ ਜੈ ਮੰਗਲਵਾੜੀ, ਸ੍ਰੀ ਮਨੋਹਰ ਵਸ਼ਿਸ਼ਠ, ਸ੍ਰੀ ਮਨੂ ਸਿੰਘ ਅਤੇ ਕਾਨੂੰਨੀ ਅਤੇ ਸਾਈਬਰ ਨਾਲ ਜੁੜੀਆਂ ਉੱਘੀਆਂ ਹਸਤੀਆਂ ਹਾਜ਼ਰ ਸਨ।
Published on: ਮਾਰਚ 2, 2025 8:00 ਬਾਃ ਦੁਃ