ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਅਤੇ ਗ੍ਰਿਫਤਾਰ ਕਰਨਾ ਸਰਾਸਰ ਧਕੇਸ਼ਾਹੀ: ਜਮਹੂਰੀ ਅਧਿਕਾਰ ਸਭਾ

ਪੰਜਾਬ


ਬਠਿੰਡਾ : 5 ਮਾਰਚ, ਦੇਸ਼ ਕਲਿੱਕ ਬਿਓਰੋ

ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਕੇ ਦਹਿਸ਼ਤ ਪਾਉਣਾ ਤੇ ਗ੍ਰਿਫਤਾਰ ਕਰਕੇ ਲੋਕਾਂ ਨੂੰ ਸ਼ਾਂਤਮਈ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੋਂ ਵਾਂਝੇ ਕਰਨ ਨੂੰ ਸ਼ਰੇਆਮ ਧਕੇਸ਼ਾਹੀ ਦਸਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਸਖ਼ਤ ਨਿਖੇਧੀ ਕੀਤੀ ਹੈ। ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਲੰਮੇ ਸਮੇਂ ਤੋਂ ਸਰਕਾਰ ਦਾ ਔਰਤਾਂ, ਪੈਨਸ਼ਨਰਾਂ ਕਿਸਾਨਾਂ, ਵਿਦਿਆਰਥੀਆਂ ਮਜਦੂਰਾਂ, ਛੋਟੇ ਦੁਕਾਨਦਾਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਰਵਈਆ ਏਨਾ ਬੇਕਿਰਕ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪੈਦਾਵਾਰੀ ਸਾਧਨਾਂ ਤੇ ਜ਼ਮੀਨ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਹਾਕਮ ਧਿਰ ਵਲੋਂ ਅਪਣਾਈਆਂ ਗਈਆਂ ਨੀਤੀਆਂ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਕਿਸਾਨਾਂ ਵਲੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਖਿਲਾਫ ਸੰਘਰਸ਼ ਕਰਨ ਕਰਕੇ ਹਾਕਮਾਂ ਨੂੰ ਇਹ ਨੀਤੀਆਂ ਲਾਗੂ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ ਜਿਸ ਕਾਰਨ ਕੇਦਰੀ ਸਰਕਾਰ ਅਤੇ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਇਸ ਸੰਘਰਸ਼ ਉਪਰ ਜਬਰ ਕਰਕੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕਮਿਕ ਹਨ, ਜੋ ਲੋਕਤੰਤਰ ਦੇ ਬੁਨਿਆਦੀ ਤੱਤ ਨੂੰ ਹੀ ਖ਼ਤਮ ਕਰਨ ਦਾ ਰਾਹ ਹੈ ।

ਸਭਾ ਨੂੰ ਮਿਲੀ ਜਾਣਕਾਰੀ ਅਨੁਸਾਰ ਬਠਿੰਡੇ ਦੇ ਵੱਖ-ਵੱਖ ਬਲਾਕਾਂ ਦੇ ਕਈ ਪਿੰਡਾਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਕੇਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਰਾਮਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਿਉਂਦ ਜੇਠੂਕੇ ਤੇ ਮਹਿਰਾਜ ਆਦਿ ਕਈ ਪਿੰਡ ਵਿੱਚ ਛਾਪੇਮਾਰੀ ਕੀਤੀ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਵੰਤ ਮਹਿਰਾਜ,ਜਰਨੈਲ ਸਿੰਘ ਕਾਲੇਕੇ,ਅਸ਼ੋਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਹੈ,ਬੀਕੇਯੂ ਉਗਰਾਹਾਂ ਦੇ ਜਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ,ਦਰਸ਼ਨ ਸਿੰਘ ਮਾਈਸਰਖਾਨ,ਕਿਸਾਨ ਆਗੂ ਮਿੱਠੂ ਸਿੰਘ ਕੋਟੜਾ ਦੀ ਪਤਨੀ ਪਰਮਜੀਤ ਕੌਰ ਕੋਟੜਾ,ਬੀਕੇਯੂ ਡਕੌਂਦਾ ਧਨੇਰ ਦੇ ਆਗੂ ਜੱਗਾ ਸਿੰਘ ਭੁੱਚੋ ਖੁਰਦ ਤੇ ਕਿਰਤੀ ਕਿਸਾਨ ਯੂਨੀਅਨ ਜਿਲਾ ਬਠਿੰਡਾ ਦੇ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ,ਸਕੱਤਰ ਸੁਖਵਿੰਦਰ ਸਿੰਘ ਅਤੇ ਇੰਦਰਪਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਮਨਜੀਤ ਰਾਏ ਤੇ ਸੱਤ ਹੋਰ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਹੈ। ਬਲਵੀਰ ਸਿੰਘ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ ਪਹਿਲਾਂ ਹੀ ਪੁਲਸ ਹਿਰਾਸਤ ਵਿੱਚ ਹਨ। ਕਈ ਆਗੂ ਪੁਲਿਸ ਦੇ ਹੱਥ ਨਹੀਂ ਆਏ। ਆਗੂਆਂ ਨੇ ਦਸਿਆ ਕਿ ਦਰਸ਼ਨ ਸਿੰਘ ਮਾਈਸਰਖਾਨਾ ਵਰਗੇ ਬਿਮਾਰ ਬਜ਼ੁਰਗ ਕਿਸਾਨ ਆਗੂਆਂ ਨੂੰ ਵੀ ਗ੍ਰਿਫਤਾਰ ਕਰਕੇ ਸਰਕਾਰ ਗ਼ੈਰ ਮਨੁੱਖੀ ਰਵਈਆ ਆਪਣਾ ਰਹੀ ਹੈ l ਉਹਨਾਂ ਮੰਗ ਕੀਤੀ ਕਿ ਸਾਰੇ ਗ੍ਰਿਫਤਾਰ ਆਗੂ ਰਿਹਾ ਕੀਤੇ ਜਾਣ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਦਾ ਬੰਦ ਕੀਤਾ ਰਾਹ ਮੁੜ ਤੋਂ ਖੋਹਲਿਆ ਜਾਵੇ l

Published on: ਮਾਰਚ 5, 2025 2:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।