ਮੋਹਾਲੀ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ: ਕੁਲਵੰਤ ਸਿੰਘ
ਐਸ.ਏ.ਐਸ ਨਗਰ, 06 ਮਾਰਚ, ਦੇਸ਼ ਕਲਿੱਕ ਬਿਓਰੋ :
ਹਲਕਾ ਐਸ.ਏ.ਐਸ ਨਗਰ (ਮੋਹਾਲੀ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਜਗਤਪੁਰਾ ਵਿਖੇ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਣਵਾੜੀ ਸੈਂਟਰ ਅਤੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸੋਲਡ ਵੈਸਟ ਮੈਨੇਜਮੈਂਟ ਦਾ ਨੀਂਹ ਪੱਥਰ ਰੱਖਿਆ ਹੈ | ਇਨ੍ਹਾਂ ਦਾ ਲਗਭਗ 2 ਮਹੀਨਿਆਂ ‘ਚ ਕੰਮ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ |
ਇਸਦੇ ਨਾਲ ਹੀ ਹਲਕਾ ਵਿਧਾਇਕ ਵੱਲੋਂ ਪਿੰਡ ਧਰਮਗੜ੍ਹ ਵਿਖੇ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ 280 ਮੀਟਰ ਡੂੰਘੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਗਾਏ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਦੀ ਸੇਵਾ ‘ਚ ਅਰਪਣ ਕੀਤਾ ਗਿਆ |
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ |
ਪਿੰਡ ਜਗਤਪੁਰਾ ਵਿਖੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਹੋਰ ਬਿਹਤਰ ਬਣਾਉਣ ਲਈ ਇੱਕ ਨਵਾਂ ਟਿਊਬਵੈੱਲ ਛੇਤੀ ਹੀ ਲਗਾਏ ਜਾਣ ਦਾ ਐਲਾਨ ਕੀਤਾ ਹੈ | ਪਿੰਡ ਦੀ ਬਿਹਤਰੀ ਲਈ ਹੋਰ ਵੀ ਜੋ ਹੋਰ ਕੰਮ ਹੋਣ ਵਾਲੇ ਹਨ, ਉਹ ਵੀ ਛੇਤੀ ਕਰਵਾ ਦਿੱਤੇ ਜਾਣਗੇ।
ਪਿੰਡ ਧਰਮਗੜ੍ਹ ਵਿਖੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਹਰ ਪਿੰਡ ‘ਚ ਪੀਣ ਲਈ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਜੇਕਰ ਪੰਜਾਬ ਵਾਸੀਆਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਮਿਲੇਗਾ ਤਾਂ ਹੀ ਉਹ ਸਿਹਤਮੰਦ ਰਹਿਣਗੇ | ਉਨ੍ਹਾਂ ਕਿਹਾ ਕਿ ਜਿਆਦਾਤਰ ਬਿਮਾਰੀਆਂ ਸਾਫ-ਸੁਥਰਾ ਪਾਣੀ ਪੀਣ ਨਾ ਮਿਲਣ ਕਾਰਨ ਪੈਦਾ ਹੁੰਦੀਆਂ ਹਨ। ਨਵੇਂ ਟਿਊਬਵੈੱਲ ਨਾਲ ਹੁਣ ਪਿੰਡ ਵਾਸੀਆਂ ਨੂੰ ਸਾਫ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ |
ਇਸ ਮੌਕੇ ਪਿੰਡ ਜਗਤਪੁਰਾ ਵਿਖੇ ਜਸਪਾਲ ਮਸੀਹ ਏ.ਈ., ਧੀਰਜ ਕੁਮਾਰ ਗੌਰੀ, ਰਣਜੀਤ ਰਾਣਾ, ਕਰਮਜੀਤ ਸਿੰਘ ਕਾਲਾ, ਸਤਵਿੰਦਰ ਸਿੰਘ ਲਾਲਾ, ਦਵਿੰਦਰ ਸਿੰਘ ਸਰਪੰਚ ਅਤੇ ਪਿੰਡ ਧਰਮਗੜ੍ਹ ਵਿਖੇ ਰਮਨਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ, ਰਜਿੰਦਰ ਸਚਦੇਵਾ ਐਸ.ਡੀ.ਓ., ਆਰ.ਪੀ. ਸ਼ਰਮਾ, ਹਰਵਿੰਦਰ ਸਿੰਘ ਲਾਡੀ, ਸੁਰਿੰਦਰ ਸਿੰਘ, ਜੱਗਾ ਧਰਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ।
Published on: ਮਾਰਚ 6, 2025 4:15 ਬਾਃ ਦੁਃ