ਬੀਜਿੰਗ/ਵਾਸ਼ਿੰਗਟਨ, 6 ਮਾਰਚ, ਦੇਸ਼ ਕਲਿਕ ਬਿਊਰੋ :
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਟੈਰਿਫ ਅਤੇ ਵਪਾਰ ਯੁੱਧ ਦੇ ਵਿਚਕਾਰ, ਚੀਨ ਨੇ ਅਮਰੀਕਾ ਨੂੰ ਯੁੱਧ ਤੱਕ ਦੀ ਧਮਕੀ ਦੇ ਦਿੱਤੀ ਹੈ। ਚੀਨ ਨੇ ਕਿਹਾ, “ਜੇਕਰ ਅਮਰੀਕਾ ਯੁੱਧ ਚਾਹੁੰਦਾ ਹੈ, ਭਾਵੇਂ ਉਹ ਟੈਰਿਫ ਯੁੱਧ ਹੋਵੇ, ਵਪਾਰ ਯੁੱਧ ਹੋਵੇ ਜਾਂ ਕਿਸੇ ਹੋਰ ਕਿਸਮ ਦਾ ਯੁੱਧ ਹੋਵੇ, ਅਸੀਂ ਅੰਤ ਤੱਕ ਲੜਨ ਲਈ ਤਿਆਰ ਹਾਂ।”
ਚੀਨ ਦੇ ਇਸ ਬਿਆਨ ਨੇ ਗਲੋਬਲ ਪੱਧਰ ’ਤੇ ਭੂਚਾਲ ਲਿਆ ਦਿੱਤਾ ਹੈ। ਇਹ ਬਿਆਨ ਉਸ ਤੋਂ ਬਾਅਦ ਆਇਆ ਹੈ, ਜਦੋਂ ਚੀਨ ਨੇ ਅਮਰੀਕਾ ’ਤੇ ਜਵਾਬੀ ਟੈਰਿਫ ਲਗਾਇਆ। ਦੂਜੇ ਪਾਸੇ, ਅਮਰੀਕਾ ਨੇ ਵੀ ਚੀਨ ਦੀ ਇਸ ਧਮਕੀ ਦਾ ਉਵੇਂ ਹੀ ਜਵਾਬ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਅਮਰੀਕਾ ਵੀ ਚੀਨ ਨਾਲ ਯੁੱਧ ਲਈ ‘ਤਿਆਰ’ ਹੈ।
ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਜ਼ੁਬਾਨੀ ਜੰਗ ਪੂਰੀ ਦੁਨੀਆ ਵਿੱਚ ਹਲਚਲ ਮਚਾ ਰਹੀ ਹੈ। ਦੁਨੀਆ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਨੇ ਪਹਿਲੀ ਵਾਰ ਵਪਾਰ ਯੁੱਧ ਦੇ ਦੌਰਾਨ ਇੱਕ-ਦੂਜੇ ਨੂੰ ਸਿੱਧੀ ਯੁੱਧ ਦੀ ਧਮਕੀ ਦੇ ਦਿੱਤੀ ਹੈ। ਇਸ ਨਾਲ ਇਹ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਹੋਰ ਤਣਾਅ ਆ ਸਕਦਾ ਹੈ। ਹਾਲਾਂਕਿ, ਆਪਣੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਨਾਲ ਲੈ ਕੇ ਚਲਣ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਵੱਲੋਂ ਟੈਰਿਫ ਯੁੱਧ ਸ਼ੁਰੂ ਕਰਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਹੰਗਾਮਾ ਮਚ ਗਿਆ ਹੈ।
Published on: ਮਾਰਚ 6, 2025 2:34 ਬਾਃ ਦੁਃ