ਲੰਡਨ, 7 ਮਾਰਚ, ਦੇਸ਼ ਕਲਿਕ ਬਿਊਰੋ :
ਲੰਡਨ ਵਿੱਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਗੱਡੀ ਨੂੰ ਖਾਲਿਸਤਾਨੀ ਸਮਰਥਕਾਂ ਵਲੋਂ ਘੇਰਨ ਦੀ ਘਟਨਾ ਦਾ ਮਾਮਲਾ ਬ੍ਰਿਟਿਸ਼ ਸੰਸਦ ਵਿੱਚ ਵੀ ਉਠਾਇਆ ਗਿਆ। ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬੌਬ ਬਲੈਕਮੈਨ, ਜੋ 2010 ਤੋਂ ਹੈਰੋ ਈਸਟ ਚੋਣ ਖੇਤਰ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਇਹ ਮਾਮਲਾ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਖਾਲਿਸਤਾਨ ਸਮਰਥਕਾਂ ਵਲੋਂ ਵਿਦੇਸ਼ ਮੰਤਰੀ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ ਦੀ ਨਿੰਦਾ ਕੀਤੀ।
ਉਨ੍ਹਾਂ ਨੇ ਬ੍ਰਿਟਿਸ਼ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ,“ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਮਣਿਆਮ ਜੈਸ਼ੰਕਰ ’ਤੇ ਕੱਲ੍ਹ ਉਸ ਸਮੇਂ ਹਮਲਾ ਹੋਇਆ, ਜਦ ਉਹ ਇਸ ਦੇਸ਼ ਵਿੱਚ ਭਾਰਤੀ ਦਰਸ਼ਕਾਂ ਨੂੰ ਸੰਬੋਧਨ ਕਰਕੇ ਇਕ ਜਨਤਕ ਥਾਂ ਤੋਂ ਬਾਹਰ ਨਿਕਲ ਰਹੇ ਸਨ। ਉਨ੍ਹਾਂ ‘ਤੇ ਇੱਕ ਖਾਲਿਸਤਾਨੀ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਨੇਵਾ ਕਨਵੈਂਸ਼ਨ ਦੇ ਖਿਲਾਫ਼ ਹੈ ਅਤੇ ਇਹ ਜ਼ਾਹਰ ਹੁੰਦਾ ਹੈ ਕਿ ਸੁਰੱਖਿਆ ਬਲ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਵਿੱਚ ਅਸਫ਼ਲ ਰਹੇ।
ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਬੇਇਜ਼ਤੀ ਹੈ। ਇਹ ਭਾਰਤ ਵਿੱਚ ਸਾਡੇ ਦੋਸਤਾਂ ਅਤੇ ਸਹਿਯੋਗੀਆਂ ਦੀ ਬੇਇਜ਼ਤੀ ਹੈ।ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਫਿਰ ਨਾ ਹੋਵੇ। ਇਸ ਲਈ ਨੇਤਾ ਵੀ ਇਹ ਯਕੀਨੀ ਬਣਾਉਣਗੇ। ਗ੍ਰਹਿ ਸਕੱਤਰ ਜਾਂ ਸੰਬੰਧਿਤ ਮੰਤਰੀ ਨੂੰ ਇਸ ਸੰਸਦ ਵਿੱਚ ਬਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਕਿਹੜੇ ਉਪਾਅ ਕਰਨ ਜਾ ਰਹੇ ਹਾਂ।”
Published on: ਮਾਰਚ 7, 2025 9:37 ਪੂਃ ਦੁਃ