ਅੰਮ੍ਰਿਤਸਰ, 7 ਮਾਰਚ, ਦੇਸ਼ ਕਲਿਕ ਬਿਊਰੋ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਮੁੱਖ ਦਫ਼ਤਰ ‘ਚ ਹੋ ਰਹੀ ਅੰਤ੍ਰਿੰਗ ਕਮੇਟੀ ਦੀ ਬੈਠਕ ਕਈ ਵੱਡੇ ਫ਼ੈਸਲੇ ਲੈ ਸਕਦੀ ਹੈ। ਸਵੇਰੇ 11 ਵਜੇ ਸ਼ੁਰੂ ਹੋਣ ਵਾਲੀ ਇਸ ਮੀਟਿੰਗ ‘ਚ ਹਾਲ ਹੀ ‘ਚ ਅਸਤੀਫ਼ਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ‘ਤੇ ਵਿਚਾਰ-ਚਰਚਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਬਜਟ ਇਜਲਾਸ ਦੀ ਤਾਰੀਖ ਤੈਅ ਕਰਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵੱਲੋਂ ਕੀਤੀ ਜਾਵੇਗੀ। ਸੂਤਰਾਂ ਮੁਤਾਬਕ, ਪੰਥਕ ਮਾਮਲਿਆਂ ‘ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਹੋ ਸਕਦਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਇਸੇ ਮਹੀਨੇ ਦੇ ਅਖੀਰ ‘ਚ ਬਜਟ ਪੇਸ਼ ਕੀਤਾ ਜਾਣਾ ਹੈ, ਜਿਸ ‘ਚ ਆਉਣ ਵਾਲੇ ਸਾਲ ਲਈ ਵੱਡੇ ਖ਼ਰਚੇ ਤੇ ਨਵੀਆਂ ਯੋਜਨਾਵਾਂ ‘ਤੇ ਫ਼ੈਸਲੇ ਹੋਣ ਦੀ ਉਮੀਦ ਹੈ।
Published on: ਮਾਰਚ 7, 2025 10:48 ਪੂਃ ਦੁਃ