ਜਲੰਧਰ, 8 ਮਾਰਚ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਕਸਬਾ ਗੋਰਾਇਆ ਵਿੱਚ ਅੱਜ ਮੁੰਬਈ ਪੁਲਿਸ ਦੀ ਟੀਮ ਨੇ ਛਾਪਾ ਮਾਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਆਪਣੇ ਨਾਲ ਮੁੰਬਈ ਲੈ ਗਈ। ਇਹ ਛਾਪੇਮਾਰੀ ਗੋਰਾਇਆ ਦੇ ਪਿੰਡ ਅੱਟਾ ਵਿੱਚ ਕੀਤੀ ਗਈ। ਮੁੰਬਈ ਪੁਲਿਸ ਦੇ ਨਾਲ ਜਲੰਧਰ ਦੇਹਾਤੀ ਪੁਲਿਸ ਦੀ ਇਕ ਟੀਮ ਵੀ ਮੌਜੂਦ ਸੀ।ਮੁਲਜ਼ਮ ਨੂੰ ਪੁਲਿਸ ਨੇ ਮੁੰਬਈ ਵਿੱਚ ਇੱਕ ਵਿਅਕਤੀ ਦੇ ਘਰ ‘ਚ ਹੋਈ ਲਗਭਗ 15 ਲੱਖ ਰੁਪਏ ਦੀ ਅੰਗੂਠੀ ਦੀ ਚੋਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ।
ਪੀੜਤ ਯੁਵਰਾਜ ਸਿੰਘ ਤੂਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੀ ਪਤਨੀ ਬਹੁਤ ਬੀਮਾਰ ਸੀ, ਜਿਸ ਕਰਕੇ ਉਹ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਸੀ। ਉਥੇ ਅੱਟਾ ਪਿੰਡ ਦਾ ਸਤਿੰਦਰ ਸਿੰਘ ਉਰਫ਼ ਸੱਤੀ ਉਸ ਨੂੰ ਮਿਲਣ ਆਇਆ ਸੀ। ਸੱਤੀ ਉਸਦਾ ਪੁਰਾਣਾ ਜਾਣਕਾਰ ਸੀ।
ਇਸ ਤੋਂ ਬਾਅਦ, ਉਹ ਘਰ ਆ ਗਿਆ, ਜਿਥੇ ਸਤਿੰਦਰ ਸਿੰਘ ਵੀ ਉਸਦੇ ਨਾਲ ਘਰ ਆ ਗਿਆ। ਰਾਤ ਦੇ ਖਾਣੇ ਤੋਂ ਬਾਅਦ, ਸੱਤੀ ਨੇ ਮੌਕਾ ਵੇਖ ਕੇ ਪਰਸ ਵਿੱਚ ਰੱਖੀ ਹੋਈ ਹੀਰੇ ਦੀ ਅੰਗੂਠੀ ਚੋਰੀ ਕਰ ਲਈ। ਇਹ ਗੱਲ ਉਸ ਨੂੰ ਸੀਸੀਟੀਵੀ ਦੇਖਣ ਤੋਂ ਬਾਅਦ ਪਤਾ ਲੱਗੀ, ਜਿਸ ਤੋਂ ਬਾਅਦ ਉਸ ਨੇ ਮੁੰਬਈ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਸਤਿੰਦਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ।
ਗੋਰਾਇਆ ਦੇ ਪਿੰਡ ਅੱਟਾ ਦੇ ਰਹਿਣ ਵਾਲੇ ਮੁਲਜ਼ਮ ਸੱਤੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਿਸ ਆਪਣੇ ਨਾਲ ਲੈ ਗਈ। ਸੱਤੀ ਦੇ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਗੋਰਾਇਆ ਥਾਣੇ ਵਿੱਚ ਵੀ ਕਈ ਲੋਕ ਆਪਣੇ ਮਾਮਲੇ ਲੈ ਕੇ ਆਏ ਹਨ ਕਿ ਸਤਿੰਦਰ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ।ਪੀੜਤ ਮੁਤਾਬਕ, ਹੀਰੇ ਦੀ ਅੰਗੂਠੀ ਦੀ ਕੀਮਤ 15 ਲੱਖ ਰੁਪਏ ਸੀ, ਜੋ ਮੁਲਜ਼ਮ ਵੱਲੋਂ ਚੋਰੀ ਕੀਤੀ ਗਈ ਸੀ।
Published on: ਮਾਰਚ 8, 2025 10:30 ਬਾਃ ਦੁਃ