ਅੰਮ੍ਰਿਤਸਰ, 9 ਮਾਰਚ, ਦੇਸ਼ ਕਲਿਕ ਬਿਊਰੋ :
ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੱਗ ਤਸਕਰੀ ਦੇ ਖ਼ਿਲਾਫ਼ ਸੀਮਾ ਸੁਰੱਖਿਆ ਬਲ (BSF) ਨੂੰ ਵੱਡੀ ਸਫਲਤਾ ਮਿਲੀ ਹੈ। BSF ਨੇ ਦੋ ਵੱਖ-ਵੱਖ ਓਪਰੇਸ਼ਨਾਂ ਵਿੱਚ ਡਰੋਨ ਰਾਹੀਂ ਸੁੱਟੀ ਗਈ ਤਿੰਨ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਸਦੇ ਨਾਲ ਹੀ, ਦੋ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਓਪਰੇਸ਼ਨ ਪੰਜਾਬ ਪੁਲਿਸ ਦੇ ਨਾਲ ਮਿਲਕੇ ਕੀਤੇ ਗਏ।
ਪਹਿਲੇ ਓਪਰੇਸ਼ਨ ਵਿੱਚ BSF ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾਤਾਲ ’ਚ ਇੱਕ ਪਾਕਿਸਤਾਨੀ ਡਰੋਨ ਰਾਹੀਂ ਹੈਰੋਇਨ ਦੀ ਖੇਪ ਸੁੱਟੀ ਗਈ ਹੈ। ਇਸ ਜਾਣਕਾਰੀ ਦੇ ਆਧਾਰ ’ਤੇ BSF ਅਤੇ ਪੰਜਾਬ ਪੁਲਿਸ ਨੇ ਸਾਂਝਾ ਓਪਰੇਸ਼ਨ ਚਲਾਇਆ ਅਤੇ ਦੋ ਤਸਕਰਾਂ ਨੂੰ ਕਾਬੂ ਕਰ ਲਿਆ।
ਤਸਕਰਾਂ ਕੋਲੋਂ 475 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ, ਜੋ ਪੀਲੇ ਟੇਪ ਨਾਲ ਲਪੇਟੀ ਹੋਈ ਸੀ ਅਤੇ ਉਸ ’ਤੇ ਇੱਕ ਹੁੱਕ ਲੱਗਾ ਹੋਇਆ ਸੀ, ਜਿਸ ਨਾਲ ਇਹ ਪੁਸ਼ਟੀ ਹੋਈ ਕਿ ਇਹ ਡਰੋਨ ਰਾਹੀਂ ਸੁੱਟੀ ਗਈ ਸੀ। ਤਸਕਰਾਂ ਕੋਲੋਂ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਦੂਜੇ ਮਾਮਲੇ ‘ਚ ਬੀ.ਐੱਸ.ਐੱਫ ਨੇ ਖੁੰਦਰ ਹਿਠਾੜ ਜ਼ਿਲਾ ਫ਼ਿਰੋਜ਼ਪੁਰ ‘ਚ ਪਾਕਿਸਤਾਨੀ ਡਰੋਨ ਨੂੰ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ। ਇਹ ਡੀਜੇਆਈ ਮੈਟ੍ਰਿਸ 300 ਆਰਟੀਕੇ ਡਰੋਨ ਸੀ, ਜਿਸ ਤੋਂ ਚਿੱਟੇ ਪੋਲੀਥੀਨ ਵਿੱਚ ਲਪੇਟਿਆ 2.640 ਕਿਲੋਗ੍ਰਾਮ ਹੈਰੋਇਨ ਦਾ ਪੈਕੇਟ ਮਿਲਿਆ ਸੀ। ਇਹ ਹੈਰੋਇਨ ਪੰਜ ਛੋਟੇ ਪੈਕੇਟਾਂ ਵਿੱਚ ਵੰਡੀ ਹੋਈ ਸੀ।
Published on: ਮਾਰਚ 9, 2025 6:16 ਬਾਃ ਦੁਃ