ਦਲਜੀਤ ਕੌਰ
ਦੱਧਾਹੂਰ, 9 ਮਾਰਚ, 2025: ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਪ੍ਰੀਵਾਰ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਪਿੰਡ ਇਕਾਈ ਦੱਧਾਹੂਰ ਦੇ ਨੌਜਵਾਨ ਪ੍ਰਧਾਨ ਮਨਦੀਪ ਸਿੰਘ ਸੋਨੀ ਦੀ ਦੋ ਦਿਨ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਕਹਿਰ ਦੀ ਮੌਤ ਦੀ ਖ਼ਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਅੱਜ ਹਜ਼ਾਰਾਂ ਨਮ ਅੱਖਾਂ ਨੇ ‘ਮਨਦੀਪ ਸਿੰਘ ਸੋਨੀ ਅਮਰ ਰਹੇ , ਮਨਦੀਪ ਸਿੰਘ ਦੱਧਾਹੂਰ ਨੂੰ ਲਾਲ ਸਲਾਮ’ ਅਕਾਸ਼ ਗੁੰਜਾਊ ਨਾਹਰਿਆਂ ਨਾਲ ਵਿਦਾਇਗੀ ਦਿੱਤੀ।
ਇਸ ਅੰਤਿਮ ਵਿਦਾਇਗੀ ਸਮੇਂ ਭਾਕਿਯੂ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਡਾ ਰਜਿੰਦਰ ਪਾਲ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਮਨਦੀਪ ਸਿੰਘ (42 ਸਾਲ) ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਅਗਵਾਈ ਵਿੱਚ ਇਤਿਹਾਸਕ ਦਿੱਲੀ ਕਿਸਾਨ ਮੋਰਚਾ ਤੋਂ ਸ਼ੁਰੂ ਹੋਇਆ ਮਾਣ ਮੱਤਾ ਸਫ਼ਰ ਆਖ਼ਰੀ ਸਮੇਂ ਤੱਕ ਤੋੜ ਨਿਭਿਆ। ਸੀਮਤ ਸਮੇਂ ਲਈ ਸ਼ਰਧਾਂਜਲੀ ਭੇਂਟ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਅਤੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਿਲ ਹੁੰਦਿਆਂ ਮਨਦੀਪ ਸਿੰਘ ਸੋਨੀ ਦੱਧਾਹੂਰ ਦੇ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਤੋਂ ਲੈਕੇ ਹੁਣ ਤੱਕ ਨਿਭਾਏ ਆਗੂ ਰੋਲ ਬਾਰੇ ਚਾਨਣਾ ਪਾਇਆ। ਆਗੂਆਂ ਕਿਹਾ ਕਿ ਹਾਰਟ ਅਟੈਕ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬੇਹੱਦ ਚਿੰਤਾ ਦਾ ਵਿਸ਼ਾ ਹਨ। ਵਾਤਾਵਰਣਿਕ ਵਿਗਾੜਾਂ ਵਿੱਚ ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਿਤ ਹੋਣਾ ਅਜਿਹੇ ਕਹਿਰ ਲਈ ਜ਼ਿੰਮੇਵਾਰ ਹੈ। ਆਗੂਆਂ ਕਿਹਾ ਕਿ ਨੌਜਵਾਨ ਕਿਸਾਨ ਆਗੂ ਮਨਦੀਪ ਸਿੰਘ ਦੱਧਾਹੂਰ ਦੇ ਬੇਵਕਤੀ ਚਲੇ ਜਾਣ ਨਾਲ ਮਾਤਾ ਰਣਜੀਤ ਕੌਰ ਪਿਤਾ ਆਤਮਾ ਸਿੰਘ, ਦੋਵੇਂ ਭਰਾਵਾਂ ਜਗਦੀਪ ਸਿੰਘ ਪ੍ਰਦੀਪ ਸਿੰਘ ਅਤੇ ਉਸ ਦੀ ਪਤਨੀ ਸਮੇਤ 14 ਸਾਲ ਦੀ ਉਮਰ ਦੇ ਪੁੱਤਰ ਏਕਮਜੋਤ ਸਿੰਘ ਲਈ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ।
ਕਿਸਾਨ ਆਗੂਆਂ ਅਮਨਦੀਪ ਸਿੰਘ ਰਾਏਸਰ, ਬਲਵੰਤ ਸਿੰਘ ਠੀਕਰੀਵਾਲਾ, ਹਰਪਾਲ ਸਿੰਘ ਹੰਢਿਆਇਆ, ਅਜਮੇਰ ਸਿੰਘ ਕਾਲਸਾਂ, ਹਰਪ੍ਰੀਤ, ਜਗਮੀਤ, ਸੰਦੀਪ ਸਿੰਘ ਸੋਨੀ, ਭਜਨ ਸਿੰਘ, ਮਨਦੀਪ ਸਿੰਘ ਤੂਰ, ਦਲਜੀਤ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਠੁੱਲੀਵਾਲ, ਭਿੰਦਰ ਸਿੰਘ ਮੂੰਮ, ਸੱਤਪਾਲ ਸਿੰਘ ਸਹਿਜੜਾ, ਬਲਵੀਰ ਸਿੰਘ ਮਨਾਲ, ਸੰਦੀਪ ਸਿੰਘ, ਜਸਵਿੰਦਰ ਸਿੰਘ ਧੂਰਕੋਟ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਮਨਦੀਪ ਸਿੰਘ ਦੱਧਾਹੂਰ ਸਿਰਫ਼ ਪ੍ਰੀਵਾਰ ਲਈ ਹੀ ਨਹੀਂ ਸੀ ਜਿਉਂਦਾ ਸਗੋਂ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਚੱਲ ਰਹੀ ਜੱਦੋਜਹਿਦ ਦਾ ਅਗਵਾਨੂੰ ਯੋਧਾ ਵੀ ਸੀ। ਇੱਕ ਆਗੂ ਪੈਦਾ ਕਰਨ ਕਰਨ ਲਈ ਸੂਝਵਾਨ ਆਗੂਆਂ ਦੀ ਸਾਲਾਂ ਬੱਧੀ ਘਾਲਣਾ ਕੰਮ ਕਰਦੀ ਹੈ। ਆਗੂਆਂ ਕਿਹਾ ਕਿ ਸਾਥੀ ਮਨਦੀਪ ਸਿੰਘ ਦੱਧਾਹੂਰ ਦੇ ਕਿਸਾਨ ਲਹਿਰ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਥੇਬੰਦੀ ਪ੍ਰੀਵਾਰ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੋਵੇਗੀ।
Published on: ਮਾਰਚ 9, 2025 3:37 ਬਾਃ ਦੁਃ