ਚੰਡੀਗੜ੍ਹ, 10 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਗਾਇਕ ਸ਼੍ਰੀ ਬਰਾੜ ਨੇ ਵੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਸਬੂਤ ਸੌਂਪੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਇਹ ਲੋਕ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚਣਗੇ, ਪਰ ਮੈਂ ਆਖ਼ਰੀ ਸਾਹ ਤੱਕ ਸੱਚ ਬੋਲਾਂਗਾ। ਜੇਕਰ ਇਸ ਦੇ ਬਦਲੇ ਵਿੱਚ ਦੁਨੀਆ ਦੀ ਹਰ ਚੀਜ਼ ਨਾਲ ਲੜ੍ਹਨਾ ਪਿਆ, ਤਾਂ ਵੀ ਮੈਨੂੰ ਕੋਈ ਪਰਵਾਹ ਨਹੀਂ।
ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ, ਇੰਸਟਾਗ੍ਰਾਮ ’ਤੇ ਲਿਖਿਆ ਕਿ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਅੱਜ ਅਸੀਂ ਪਿੰਕੀ ਧਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਗਈ ਧੋਖਾਧੜੀ ਦੀ ਸ਼ਿਕਾਇਤ ਸਬੂਤਾਂ ਸਮੇਤ ਦਰਜ ਕਰਵਾਈ ਹੈ। ਮੈਨੂੰ ਸੁਨੰਦਾ ਸ਼ਰਮਾ ’ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਇਸ ਲੜਾਈ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਦੋ-ਤਿੰਨ ਸਾਲ ਪਹਿਲਾਂ ਮੈਂ ਇਹ ਮਾਮਲਾ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਦੱਸਿਆ ਸੀ, ਪਰ ਕੋਈ ਹੱਲ ਨਹੀਂ ਨਿਕਲਿਆ। ਉਲਟਾ, ਇਨ੍ਹਾਂ ਲੋਕਾਂ ਨੇ ਮੈਨੂੰ ਹਰ ਪਾਸੇ ਤੋਂ ਬਲੈਕਮੇਲ ਕਰਨਾ ਅਤੇ ਦਬਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਆਪਣੀ ਜਾਨ ਬਚਾਉਣੀ ਇੱਕ ਵੱਡੀ ਸਮੱਸਿਆ ਬਣ ਗਈ ਸੀ, ਜਿਸ ਕਾਰਨ ਮੈਨੂੰ ਮਜਬੂਰ ਹੋਕੇ ਇਹ ਲੜਾਈ ਛੱਡਣੀ ਪਈ। ਮੇਰੀ ਮਿਹਨਤ ਦੀ ਕਮਾਈ ਦਾ ਹਿਸਾਬ ਵੀ ਮੈਨੂੰ ਅੱਜ ਤੱਕ ਨਹੀਂ ਮਿਲਿਆ।
Published on: ਮਾਰਚ 10, 2025 5:50 ਬਾਃ ਦੁਃ