ਬਾਹਰ ਜਾ ਕੇ ਖਾਣ-ਪੀਣ ਦੀ ਮਨਾਹੀ, ਦਲਿਤਾਂ ਦਾ ਦਾਖਲਾ ਬੈਨ, ਔਰਤਾਂ ਨੂੰ ਮਹਾਂਵਾਰੀ ਦੌਰਾਨ ਰਹਿਣਾ ਪੈਂਦਾ ਪਿੰਡੋਂ ਬਾਹਰ
ਵਿਧਾਇਕ ਜਾਂ ਡੀਸੀ ਨੂੰ ਵੀ ਜੁੱਤੀ ਉਤਾਰ ਕੇ ਹੋਣਾ ਪੈਂਦਾ ਦਾਖਲ, ਰਿਸ਼ਤੇਦਾਰਾਂ ਲਈ ਵੀ ਅਲੱਗ ਦਿਸ਼ਾ-ਨਿਰਦੇਸ਼
ਸੱਪ ਡੰਗਣ, ਬਿਮਾਰ ਵਿਅਕਤੀ ਤੇ ਗਰਭਵਤੀ ਔਰਤਾਂ ਨੂੰ ਨਹੀਂ ਲਿਜਾਇਆ ਜਾਂਦਾ ਡਾਕਟਰ ਕੋਲ
ਚੰਡੀਗੜ੍ਹ, 11 ਮਾਰਚ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਇਕ ਅਜਿਹਾ ਪਿੰਡ ਹੈ ਜਿੱਥੇ ਅੱਜ ਵੀ ਪੁਰਾਣੇ ਰੀਤੀ ਰਿਵਾਜ਼ ਦੇ ਸਹਾਰੇ ਹੀ ਜ਼ਿੰਦਗੀ ਚਲਦੀ ਹੈ। ਇਸ ਪਿੰਡ ਵਿੱਚ ਕੋਈ ਵੀ ਵਿਅਕਤੀ ਜੁੱਤੀ ਲੈ ਕੇ ਨਹੀਂ ਜਾ ਸਕਦਾ। ਜੇਕਰ ਪਿੰਡ ਦਾ ਵਿਅਕਤੀ ਪਿੰਡੋਂ ਬਾਹਰ ਜਾਂਦਾ ਹੈ ਤਾਂ ਨਹਾ ਕੇ ਹੀ ਘਰ ਵਿੱਚ ਦਾਖਲ ਹੁੰਦਾ ਹੈ। ਇਹ ਪਿੰਡ ਹੈ ਆਂਧਰਾ ਪ੍ਰਦੇਸ਼ ਵਿਚ ਜ਼ਿਲ੍ਹਾ ਤਿਰੁਪਤੀ ਦਾ ਪਿੰਡ ਬੇਵਨਾ ਪਿੰਡੂ ਹੈ। ਇਸ ਪਿੰਡ ਵਿੱਚ 25 ਕੁ ਘਰ ਹਨ, ਜਿੰਨਾਂ ਦੀ ਆਬਾਦੀ ਕਰੀਬ 82 ਹੈ। ਇਸ ਪਿੰਡ ਵਿੱਚ 52 ਦੇ ਕਰੀਬ ਵੋਟਰ ਹਨ। ਇਸ ਪਿੰਡ ਵਿੱਚ ਜੇਕਰ ਕੋਈ ਵਿਧਾਇਕ, ਡੀਸੀ ਨੇ ਵੀ ਜਾਣਾ ਹੋਵੇ ਤਾਂ ਉਸ ਨੂੰ ਜੁੱਤੀ ਪਿੰਡੋਂ ਬਾਹਰ ਹੀ ਉਤਾਰਨਾ ਪੈਂਦੀ ਹੈ।
ਇਸ ਪਿੰਡ ਦਾ ਜੇਕਰ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਕਿਸੇ ਕੰਮ ਲਈ ਜਾਂਦਾ ਹੈ ਤਾਂ ਉਹ ਬਾਹਰ ਜਾ ਕੇ ਬਾਹਰਲਾ ਕੁਝ ਵੀ ਨਹੀਂ ਖਾਂਦਾ ਪੀਂਦਾ। ਇਸ ਸਬੰਧੀ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਪਿਛਲੇ 45 ਸਾਲਾਂ ਤੋਂ ਪਿੰਡੋਂ ਬਾਹਰ ਕੰਮ ਲਈ ਜਾਂਦਾ ਹੈ, ਪਰ ਬਾਹਰ ਕਿਤੇ ਵੀ ਕੁਝ ਨਹੀਂ ਖਾਂਦਾ। ਉਸਨੇ ਦੱਸਿਆ ਕਿ ਇਕ ਵਾਰ ਮੈਨੂੰ 4-5 ਦਿਨ ਬਾਹਰ ਰਹਿਣਾ ਪਿਆ, ਪਰ ਕੁਝ ਨਹੀਂ ਖਾਂਦਾ ਪੀਤਾ। ਪਿੰਡ ਆ ਕੇ ਪਹਿਲਾਂ ਨਹਾਇਆ ਫਿਰ ਕੁਝ ਖਾਂਦਾ। ‘ਬੀਬੀਸੀ’ ਦੀ ਰਿਪੋਰਟ ਮੁਤਾਬਕ ਦਲਿਤਾਂ ਨੂੰ ਇਸ ਪਿੰਡ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ, ਨਾ ਹੀ ਕੋਈ ਦਲਿਤਾ ਨੂੰ ਬਲਾਉਂਦਾ ਹੈ। ਇਥੋਂ ਤੱਕ ਕੇ ਮਹਾਂਵਾਰੀ ਦੌਰਾਨ ਔਰਤ ਨੂੰ ਵੀ ਪਿੰਡ ਤੋਂ ਬਾਹਰ ਹੀ ਰਹਿਣਾ ਪੈਂਦਾ ਹੈ। ਔਰਤਾਂ ਲਈ ਪਿੰਡ ਤੋਂ ਬਾਹਰ ਇਕ ਕਮਰਾ ਬਣਾਇਆ ਗਿਆ ਹੈ। ਜੇਕਰ ਕੋਈ ਔਰਤ ਗਰਭਵਤੀ ਹੋਵੇ ਤਾਂ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਲਿਜਾਇਆ ਜਾਂਦਾ, ਘਰ ਵਿੱਚ ਹੀ ਸਭ ਕੁਝ ਦੇਖਿਆ ਜਾਂਦਾ ਹੈ। ਇਸ ਪਿੰਡ ਵਿੱਚ ਜੇਕਰ ਕੋਈ ਰਿਸ਼ਤੇਦਾਰ ਵੀ ਆਵੇ ਤਾਂ ਉਸ ਨੂੰ ਰੀਤੀ ਰਿਵਾਜ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਹ ਜੁੱਤੀ ਉਤਾਰ ਕੇ ਜਾਂਦੇ ਹਨ, ਪਹਿਲਾਂ ਨਹਾਉਂਦੇ ਹਨ ਤੇ ਫਿਰ ਘਰ ਵਿੱਚ ਵੜ੍ਹਦੇ ਹਨ।
ਪਿੰਡ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਹਨ। ਉਹ ਪੈਰਾ ਵਿੱਚ ਕੁਝ ਵੀ ਨਹੀਂ ਪਾਉਂਦੇ। ਇਥੋਂ ਤੱਕ ਕਿ ਬੱਚੇ ਮਿਡ ਡੇ ਮੀਲ ਦਾ ਖਾਣਾ ਵੀ ਨਹੀਂ ਖਾਂਦੇ। ਦੁਪਹਿਰ ਸਮੇਂ ਬੱਚੇ ਖਾਣਾ ਖਾਣ ਵਾਸਤੇ ਘਰ ਆਉਂਦੇ ਹਨ। ਬੱਚਿਆਂ ਨੂੰ ਘਰ ਤੋਂ ਬਾਹਰ ਬੈਠਾ ਕੇ ਖਾਣਾ ਖਵਾਇਆ ਜਾਂਦਾ ਹੈ। ਸਕੂਲ ਸਮੇਂ ਤੋਂ ਬਾਅਦ ਜਦੋਂ ਬੱਚੇ ਘਰ ਆਉਂਦੇ ਹਨ ਤਾਂ ਉਹ ਪਹਿਲਾਂ ਨਹਾਉਂਦੇ ਹਨ ਤੇ ਫਿਰ ਅੰਦਰ ਵੜ੍ਹਦੇ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸੱਪ ਡੰਗ ਲਵੇ ਤਾਂ ਉਹ ਸੱਪ ਪਹਾੜੀ ਅਤੇ ਨਿੰਮ ਦੀ ਪਰਿਕਰਮਾ ਕਰਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦਾ ਰੱਬ ਉਨ੍ਹਾਂ ਦਾ ਖਿਆਲ ਰੱਖਦਾ ਹੈ। ਬਿਮਾਰ ਹੋਣ ਉਤੇ ਵੀ ਲੋਕ ਡਾਕਟਰ ਕੋਲ ਨਹੀਂ ਜਾਂਦੇ ਮੰਦਰ ਦੀ ਪਰਿਕਰਮਾ ਕਰਦੇ ਹਨ।
Published on: ਮਾਰਚ 11, 2025 2:49 ਬਾਃ ਦੁਃ