ਇਸਲਾਮਾਬਾਦ, 11 ਮਾਰਚ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ’ਚ ਅੱਜ ਮੰਗਲਵਾਰ ਨੂੰ ਬਲੂਚ ਲਿਬਰੇਸ਼ਨ ਆਰਮੀ (BLA) ਨੇ ਇੱਕ ਪੈਸੇਂਜਰ ਟਰੇਨ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਲਿਆ। BLA ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਾਕੂਆਂ ਨੇ ਜਾਫਰ ਐਕਸਪ੍ਰੈੱਸ ’ਤੇ ਹਮਲਾ ਕਰਕੇ 120 ਯਾਤਰੀਆਂ ਨੂੰ ਬੰਧਕ ਬਣਾ ਲਿਆ ਹੈ।
ਦ ਡੌਨ ਅਖ਼ਬਾਰ ਮੁਤਾਬਕ, ਬਲੂਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਪੁਸ਼ਟੀ ਕੀਤੀ ਹੈ ਕਿ ਕੁਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈੱਸ ’ਤੇ ਪਹਿਰੋ ਕੁਨਰੀ ਅਤੇ ਗਦਲਾਰ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ, ਜਿਸ ਵਿੱਚ 6 ਫੌਜੀਆਂ ਦੀ ਮੌਤ ਹੋ ਗਈ।
BLA ਨੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਇਹ ਅਪਰੇਸ਼ਨ ਮਾਸ਼ਕਾਫ, ਧਾਦਰ ਅਤੇ ਬੋਲਾਨ ’ਚ ਕੀਤਾ। ਉਨ੍ਹਾਂ ਨੇ ਰੇਲਵੇ ਟਰੈਕ ਉਡਾ ਦਿੱਤਾ, ਜਿਸ ਕਾਰਨ ਟਰੇਨ ਰੁਕ ਗਈ। ਫਿਰ ਲੜਾਕੂਆਂ ਨੇ ਟਰੇਨ ਉੱਤੇ ਕਬਜ਼ਾ ਕਰ ਲਿਆ ਤੇ ਯਾਤਰੀਆਂ ਨੂੰ ਬੰਧਕ ਬਣਾ ਲਿਆ।
ਬੰਧਕਾਂ ਵਿੱਚ ਪਾਕਿਸਤਾਨੀ ਫੌਜ, ਪੁਲਿਸ, ਐਂਟੀ-ਟੈਰਰਿਜ਼ਮ ਫੋਰਸ (ATF) ਅਤੇ ISI ਦੇ ਏਜੰਟ ਸ਼ਾਮਲ ਹਨ। BLA ਨੇ ਚੇਤਾਵਨੀ ਦਿੱਤੀ ਕਿ ਜੇਕਰ ਫੌਜ ਨੇ ਦਖਲਅੰਦਾਜ਼ੀ ਕੀਤੀ ਤਾਂ ਸਭ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ।
Published on: ਮਾਰਚ 11, 2025 6:38 ਬਾਃ ਦੁਃ