ਅਬੋਹਰ, 11 ਮਾਰਚ, ਦੇਸ਼ ਕਲਿਕ ਬਿਊਰੋ :
ਅਬੋਹਰ ਦੇ ਮਲੋਟ ਚੌਕ ’ਤੇ ਮੰਗਲਵਾਰ ਨੂੰ ਟ੍ਰੈਫਿਕ ਪੁਲਿਸ ਅਤੇ ਰੇਹੜੀ ਵਾਲਿਆਂ ਵਿਚਕਾਰ ਝੜਪ ਹੋ ਗਈ। ਟ੍ਰੈਫਿਕ ਪੁਲਿਸ ਦੇ ਏਐਸਆਈ ਸੁਰਿੰਦਰ ਸਿੰਘ ਨੂੰ ਰੇਹੜੀ ਵਾਲਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਏਐਸਆਈ ਨੂੰ ਸੂਚਨਾ ਮਿਲੀ ਸੀ ਕਿ ਮਲੋਟ ਚੌਕ ’ਤੇ ਕੁਝ ਰੇਹੜੀ ਵਾਲਿਆਂ ਨੇ ਵੱਡੀਆਂ ਛਤਰੀਆਂ ਲਾਈਆਂ ਹੋਈਆਂ ਹਨ। ਇਹ ਛਤਰੀਆਂ ਬੱਸਾਂ ਦੇ ਲੰਘਣ ਵਿੱਚ ਰੁਕਾਵਟ ਪੈਦਾ ਕਰ ਰਹੀਆਂ ਸਨ। ਜਦੋਂ ਏਐਸਆਈ ਉਨ੍ਹਾਂ ਛਤਰੀਆਂ ਨੂੰ ਹਟਵਾਉਣ ਅਤੇ ਰੇਹੜੀਆਂ ਨੂੰ ਪਿੱਛੇ ਕਰਵਾਉਣ ਪਹੁੰਚੇ ਤਾਂ ਰੇਹੜੀ ਵਾਲੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਰੇਹੜੀ ਵਾਲੇ ਦਾ ਪੂਰਾ ਪਰਿਵਾਰ ਮੌਕੇ ’ਤੇ ਆ ਗਿਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਏਐਸਆਈ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਏਐਸਆਈ ਦੀ ਨੱਕ ’ਚੋਂ ਖੂਨ ਵਗਣ ਲੱਗ ਪਿਆ। ਹਮਲਾਵਰਾਂ ਨੇ ਉਨ੍ਹਾਂ ਦਾ ਮੋਬਾਈਲ ਅਤੇ ਚਾਲਾਨ ਕੱਟਣ ਵਾਲੀ ਮਸ਼ੀਨ ਵੀ ਤੋੜ ਦਿੱਤੀ।
ਮੌਕੇ ’ਤੇ ਮੌਜੂਦ ਹੋਰ ਪੁਲਿਸ ਕਰਮਚਾਰੀਆਂ ਨੇ ਏਐਸਆਈ ਨੂੰ ਹਮਲਾਵਰਾਂ ਤੋਂ ਬਚਾਇਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਮਾਰਚ 11, 2025 5:13 ਬਾਃ ਦੁਃ