ਸ੍ਰੀ ਮੁਕਤਸਰ ਸਾਹਿਬ, 12 ਮਾਰਚ, ਦੇਸ਼ ਕਲਿੱਕ ਬਿਓਰੋ :
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਤਹਿਤ ਪ੍ਰਸ਼ਾਸਨਿਕ ਵਿਭਾਗ ਵੱਲੋਂ ਨਾਗਰਿਕਾਂ ਨੂੰ ਸੁਖਾਵੇ ਮਾਹੌਲ ਵਿੱਚ ਅਤੇ ਖੱਜਲ-ਖੁਆਰੀ ਰਹਿਤ ਸੇਵਾਵਾਂ ਪ੍ਰਦਾਨ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਵਿਭਾਗਾਂ ਵੱਲੋਂ 900 ਤੋਂ ਵਧੇਰੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਸੇਵਾ ਦਾ ਲਾਹਾ ਲੈਣ ਲਈ, ਕਿਸੇ ਵੀ ਤਰ੍ਹਾਂ ਦਾ ਸੁਝਾਅ ਜਾਂ ਸ਼ਿਕਾਇਤ ਸਬੰਧੀ ਹੈਲਪਲਾਈਨ ਨੰਬਰ 1100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਹੈਲਪਲਾਈਨ ਨਾਗਰਿਕਾਂ ਨੂੰ ਗੈਰ-ਐਮਰਜੈਂਸੀ ਸੇਵਾਵਾਂ, ਜਿਵੇਂ ਕਿ ਸ਼ਿਕਾਇਤਾਂ ਦਰਜ ਕਰਨ, ਫੀਡਬੈਕ ਦੇਣ, ਬੇਨਤੀਆਂ ਪੇਸ਼ ਕਰਨ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀ ਹੈ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁੱਦਿਆਂ ਨੂੰ ਸੁਚਾਰੂ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰਦੀ ਹੈ।
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ 98555-01076 ‘ਤੇ ਵਟਸਐਪ ਰਾਹੀਂ ਸੇਵਾ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਆਨਲਾਇਨ ਟੋਕਨ ਬੁੱਕ ਕਰਨ, ਘਰ ਬੈਠੇ ਹੀ ਅਰਜੀ ਦੀ ਸਥਿਤੀ ਪਤਾ ਕਰਨ, ਮੰਨਜ਼ੂਰ ਹੋਇਆ ਸਰਟੀਫਿਕੇਟ ਡਾਊਨਲੋਡ ਕਰਨ, ਆਦਿ ਨਾਲ-ਨਾਲ ਅਨੇਕਾਂ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਘਰ ਬੈਠੇ ਡੋਰ ਸਟੈੱਪ ਡਿਲਵਰੀ ਰਾਹੀਂ ਘਰ ਬੈਠੇ ਸੇਵਾਵਾਂ ਲੈਣ ਲਈ 1076 ’ਤੇ ਟੈਲੀਫੋਨ ਰਾਹੀਂ ਸੰਪਰਕ ਕੀਤਾ ਜਾਂ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿਰਜਣ ਦਾ ਮਕਸਦ ਲੋਕਾਂ ਦੀ ਖੱਜਲ-ਖੁਆਰੀ ਨੂੰ ਦੂਰ ਕਰਕੇ ਘਰ ਬੈਠੇ ਹੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
Published on: ਮਾਰਚ 12, 2025 2:43 ਬਾਃ ਦੁਃ