ਮਾਛੀਵਾੜਾ ਸਾਹਿਬ, 12 ਮਾਰਚ, ਦੇਸ਼ ਕਲਿਕ ਬਿਊਰੋ :
ਮਾਛੀਵਾੜਾ ਸਾਹਿਬ ਦੇ ਪਿੰਡ ਭੱਟੀਆਂ ਵਿੱਚ ਨਿਹੰਗ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੋ ਪ੍ਰਵਾਸੀ ਮਜ਼ਦੂਰਾਂ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੀੜਤ ਆਕਾਸ਼ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਰਿਹਾ ਸੀ ਕਿ ਅਚਾਨਕ 8-10 ਵਿਅਕਤੀ ਉਨ੍ਹਾਂ ਵੱਲ ਆ ਗਏ। ਇਕ ਵਿਅਕਤੀ ਦੇ ਹੱਥ ਵਿਚ ਤਲਵਾਰ ਸੀ। ਆਕਾਸ਼ ਡਰਕੇ ਇਕ ਘਰ ਵਿਚ ਲੁਕ ਗਿਆ, ਪਰ ਹਮਲਾਵਰ ਉਸ ਨੂੰ ਜ਼ਬਰਨ ਭੱਟੀਆਂ ਚੌਕ ਲੈ ਗਏ ਅਤੇ ਉਸ ‘ਤੇ ਤਲਵਾਰ ਨਾਲ ਹਮਲਾ ਕੀਤਾ।
ਦੂਜੇ ਜ਼ਖਮੀ ਰਾਕੇਸ਼ ਨੇ ਦੱਸਿਆ ਕਿ ਹਮਲਾਵਰ ਉਸ ਵਿਅਕਤੀ ਦੀ ਤਲਾਸ਼ ਕਰ ਰਹੇ ਸਨ, ਜਿਸ ਨੇ ਚਮਕੌਰ ਸਾਹਿਬ ਇਲਾਕੇ ਤੋਂ ਇਕ ਲੜਕੀ ਨੂੰ ਭਜਾਇਆ ਸੀ।
ਮਾਛੀਵਾੜਾ ਸਾਹਿਬ ਦੇ ਥਾਣਾ ਇੰਚਾਰਜ ਹਰਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਜਾਣਕਾਰੀ ਮਿਲਣ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚੇ ਤੇ ਦੋਵਾਂ ਜ਼ਖਮੀਆਂ ਨੂੰ ਬਚਾਇਆ। ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਜ਼ਖਮੀਆਂ ਦਾ ਇਲਾਜ ਸਮਰਾਲਾ ਹਸਪਤਾਲ ‘ਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Published on: ਮਾਰਚ 12, 2025 1:55 ਬਾਃ ਦੁਃ