ਮਾਨਸਾ, 13 ਮਾਰਚ :
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਦੇ ਪ੍ਰਬੰਧਨ ਲਈ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ500 ਤੋਂ ਵੱਧ ਕਿਸਾਨ ਵੀਰ ਅਤੇ ਬੀਬੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੇਲੇ ਵਿੱਚ ਡਾ.ਅਵਤਾਰ ਸਿੰਘ ਧਮੂ,ਐਸੋਸਿਏਟਡੀਨ, ਪੀ.ਏ.ਯੂ. ਖੇਤਰੀ ਖੋਜ ਕੇਂਦਰ, ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ਦੇ ਮੁੱਖ ਮਹਿਮਾਨ ਡਾ.ਅਵਤਾਰ ਸਿੰਘ ਧਮੂ, ਨੇ ਆਪਣੇ ਸੰਬੋਧਨੀ ਭਾਸ਼ਣਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਯੋਗਦਾਨ ਪਾਉਣ ਅਤੇ ਵਣ-ਖੇਤੀ ਬਾਰੇ ਦੱਸਦਿਆਂ ਉਹਨਾਂ ਇਸਦੀ ਵੱਧ ਰਹੀ ਮੰਗ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।
ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਉਹਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ 18 ਮਾਰਚ ਨੂੰ ਲੱਗਣ ਵਾਲੇ ਕਿਸਾਨ ਮੇਲੇ ਵਿੱਚ ਪਰਿਵਾਰ ਸਮੇਤ ਸ਼ਮੂਲੀਅਤ ਕਰਨ। ਇਸ ਮੇਲੇ ਨੂੰ ਸੰਬੋਧਨ ਕਰਦਿਆਂ ਡਾ. ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਨੇ ਇਸ ਸਾਲ ਪਰਾਲੀ ਪ੍ਰਬੰਧਨ ਵਿੱਚ ਪਿਛਲੇ ਸਾਲਾਂ ਤੋਂ ਵੱਧ ਰੁਚੀ ਦਿਖਾਈ ਅਤੇ ਕਿਸਾਨ ਵੀਰ ਪਰਾਲੀ ਪ੍ਰਬੰਧਨ ਸਬੰਧੀ ਵੱਧ ਜਾਗਰੂਕ ਹਨ। ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸੀਜਨ ਪਰਾਲੀ ਪ੍ਰਬੰਧ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਆਪਣੀ ਜਮੀਨ ਦੀ ਸਿਹਤ ਨੂੰ ਬਰਕਾਰਾਰ ਰੱਖਣ।
ਡਾ. ਹਰਪ੍ਰੀਤ ਪਾਲ ਕੌਰ ਮੁੱਖ ਖੇਤੀਬਾੜੀ ਅਫਸਰ, ਮਾਨਸਾ ਨੇ ਆਪਣੇ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪ੍ਰਿਤਪਾਲ ਸਿੰਘ ਜ਼ਿਲ੍ਹਾ ਪਸਾਰ ਮਾਹਿਰ, ਬਠਿੰਡਾ ਨੇ ਕਿਸਾਨਾਂ ਨੂੰ ਜਿਹੜੇ ਖੇਤਾਂ ਵਿੱਚ ਪਰਾਲੀ ਪ੍ਰਬੰਧਨ ਕੀਤਾ ਗਿਆ ਹੈ ਉਹਨਾਂ ਖੇਤਾਂ ਵਿੱਚ ਕਣਕ ਦੀ ਫਸਲ ਬਹੁਤ ਵਧੀਆ ਹਾਲਤ ਵਿੱਚ ਖੜੀ ਹੋਣਅਤੇ ਉਹਨਾਂ ਕਿਸਾਨ ਵੀਰਾਂ ਦੀ ਖਾਦਾਂ ਦੀ ਬੱਚਤ ਬਾਰੇ ਜਾਣੂ ਕਰਵਾਇਆ। ਤਕਨੀਕੀ ਸ਼ੈਸ਼ਨ ਦੌਰਾਨ ਡਾ. ਤੇਜਪਾਲ ਸਿੰਘ ਸਰਾਂ, ਸਬਜੀ ਵਿਗਿਆਨੀ, ਕੇ.ਵੀ.ਕੇ. ਮਾਨਸਾ ਨੇ ਆਉਣ ਵਾਲੇ ਗਰਮੀ ਰੁੱਤ ਦੌਰਾਨ ਸਬਜ਼ੀਆਂ ਦੀ ਕਾਸ਼ਤ ਬਾਰੇ ਦੱਸਿਆ। ਪਰਾਲੀ ਪ੍ਰਬੰਧਨ ਦੌਰਾਨ ਕਿਸਾਨਾਂ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਸਬੰਧੀ ਡਰ ਅਤੇ ਸ਼ੰਕਿਆਂ ਨੂੰ ਦੂਰ ਕਰਦਿਆਂ ਕੇ.ਵੀ.ਕੇ. ਮਾਨਸਾ ਦੇ ਕੀਟ ਵਿਗਿਆਨੀ ਡਾ. ਰਣਵੀਰ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਦੇ ਬੀਜ ਸੋਧਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪਹੁੰਚੇ ਮਾਨਸਾ ਜ਼ਿਲ੍ਹੇ ਦੇ ਡੇਅਰੀ ਅਤੇ ਬਾਗਬਾਨੀ ਵਿਭਾਗ ਦੇ ਅਫਸਰਾਂ ਨੇ ਡੇਅਰੀ ਅਤੇ ਬਾਗਬਾਨੀ ਨਾਲ ਸਬੰਧਤ ਸਬਸਿੱਡੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜ਼ਿਲ੍ਹੇ ਦੇ ਵੈਟਨਰੀ ਅਫਸਰ ਡਾ. ਅਕਸ਼ੇ ਨੇ ਗਰਮੀ ਦੀ ਰੁੱਤ ਵਿੱਚ ਪਸ਼ੂਧਨ ਸਾਂਭਣ ਬਾਬਤ ਜਾਣਕਾਰੀ ਦਿੱਤੀ। ਆਖੀਰ ਵਿੱਚ ਡਾ.ਰਾਜਿੰਦਰਕੌਰ, ਗ੍ਰਹਿ ਵਿਗਿਆਨੀ ਨੇ ਕੇ.ਵੀ.ਕੇ. ਮਾਨਸਾ ਵਿਖੇ ਕਿਸਾਨਾਂ ਲਈ ਮਿਲ ਰਹੀਆਂ ਸਹੂਲਤਾਂ ’ਤੇ ਚਾਨਣਾ ਪਾਇਆ। ਮੇਲੇ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਖੇਤੀ ਉਦਮੀਆਂ ਵੱਲੋਂ ਆਪਣੇ- ਆਪਣੇ ਸਟਾਲ ਲਗਾਏ ਗਏ ਅਤੇ ਪਰਾਲੀ ਪ੍ਰਬੰਧਨ ਕਰਨ ਵਾਲੇ ਅਤੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖੇਤੀ ਸਾਹਿਤ ਦੇ ਨਾਲ ਸਬਜੀਆਂ ਦੀ ਪਨੀਰੀ ਮੁਹੱਈਆ ਕਰਵਾਈ ਗਈ। ਡਾ. ਅਜੈ ਸਿੰਘ ਨੇ ਆਏ ਹੋਏ ਕਿਸਾਨ ਵੀਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Published on: ਮਾਰਚ 13, 2025 4:08 ਬਾਃ ਦੁਃ