ਪੁਲਿਸ ਕੋਲ ਦਰਜ ਕਰਵਾਇਆ ਮਾਮਲਾ
ਚੰਡੀਗੜ੍ਹ, 11 ਮਾਰਚ 2025, ਦੇਸ਼ ਕਲਿੱਕ ਬਿਓਰੋ :
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ ਲਗਾਏ ਗੰਭੀਰ ਦੋਸ਼ਾਂ ਤੋਂ ਬਾਅਦ ਇਕ ਇਕ ਕਲਾਕਾਰ ਸਾਹਮਣੇ ਆ ਰਿਹਾ ਹੈ। ਪੰਜਾਬੀ ਗਾਇਕ ਕਾਕਾ ਨੇ ਵੀ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਗਾਇਕ ਕਾਕਾ ਨੇ ਕਿਹਾਕਿ ਨਿੱਜੀ ਕੰਪਨੀਆਂ ਕਲਾਕਾਰਾਂ ਨਾਲ ਵੱਡਾ ਧੋਖਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਹੋਰ ਫੇਕ ਚੈਨਲਾਂ ਉਤੇ ਗੀਤ ਚਲਾ ਕੇ ਖੁਦ ਪੈਸੇ ਕਮਾਉਂਦੀਆਂ ਹਨ ਅਤੇ ਅਸਲੀ ਚੈਨਲ ਉਤੇ ਗੀਤ ਦਬਾ ਦਿੱਤਾ ਜਾਂਦਾ ਹੈ। ਕਾਕਾ ਨੇ ਦੱਸਿਆ ਕਿ 2021 ਵਿੱਚ ਆਰੋਪੀਆਂ ਨੇ ਉਨ੍ਹਾਂ ਦੇ ਸੰਗੀਤ ਨੂੰ ਯੂਟਿਊਬ, ਸਪਾਟੀਫਾਈ, ਗਾਨਾ ਅਤੇ ਵਿਕ ਵਰਗੇ ਪਲੇਟਫਾਰਮਾ ਉਤੇ ਪ੍ਰਚਾਰ ਅਤੇ ਪੇਸ਼ ਕਰਨ ਦਾ ਝੂਠਾ ਵਾਅਦਾ ਕੀਤਾ। ਇਸ ਉਤੇ ਕਾਕਾ ਨੇ 3 ਸਾਲ ਦਾ ਕੰਟਰੈਕਟ ਕੀਤਾ ਅਤੇ ਆਪਣੀ ਡਿਜ਼ੀਟਲ ਸੰਪਤੀਆਂ ਦਾ ਅਕਸੇਸ ਦੇ ਦਿੱਤਾ, ਪ੍ਰੰਤੂ ਸਕਾਈ ਡਿਜ਼ੀਟਲ ਨੇ 6.30 ਕਰੋੜ ਰੁਪਏ ਵਿੱਚੋਂ ਸਿਰਫ 2.50 ਕਰੋੜ ਰੁਪਏ ਦਾ ਵੀ ਭੁਗਤਾਨ ਕੀਤਾ।
ਕਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਕੰਟਰੈਕਟ ਵਿੱਚ ਤੈਅ 18 ਗਾਣਿਆਂ ਦੀ ਬਜਾਏ 20 ਗਾਣੇ ਵੀ ਦਿੱਤੇ, ਫਿਰ ਵੀ ਸਕਾਈ ਡਿਜ਼ੀਟਲ ਨੇ ਪੈਸੇ ਰੋਕ ਲਏ ਅਤੇ ਗਲਤ ਵਿੱਤੀ ਰਿਪੋਰਟ ਬਣਾ ਕੇ ਕਮਾਈ ਨੂੰ ਘੱਟ ਦਿਖਾਇਆ। ਆਰੋਪੀਆਂ ਨੇ ਕਰੀਬ 1.40 ਕਰੋੜ ਰੁਪਏ ਦਾ ਗਬਨ ਵੀ ਕੀਤਾ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਰਨ ਉਤੇ ਕਾਕਾ ਨੂੰ ਧਮਕੀ ਦਿੱਤੀ। ਕਾਕਾ ਨੇ ਦੋਸ਼ ਲਗਾਇਆ ਕਿ ਸਕਾਈ ਡਿਜ਼ੀਟਲ ਨੇ ਉਨ੍ਹਾਂ ਦੇ ਯੂਟਿਊਬ ਚੈਨਲ ਅਤੇ ਡਿਜ਼ੀਟਲ ਸੰਪਤੀਆਂ ਉਤੇ ਕਬਜ਼ਾ ਕਰ ਲਿਆ ਅਤੇ ਪਾਸਵਰਡ ਵਾਪਸ ਕਰਨ ਦੇ ਬਦਲੇ ਚਾਰ ਹੋਰ ਗਾਣੇ ਜਾਂ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ। ਕਾਕਾ ਨੇ 5 ਅਗਸਤ 2024 ਨੂੰ ਨੋਟਿਸ ਅਤੇ 28 ਫਰਵਰੀ 2025 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ, ਪ੍ਰੰਤੂ ਇਸਦੇ ਬਾਵਜੂਦ ਆਰੋਪੀਆਂ ਨੇ ਨਜਾਇਜ਼ ਗਤੀਵਿਧੀਆਂ ਜਾਰੀ ਰੱਖੀਆਂ।
ਕਾਕਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਐਫਆਈਆਰ ਦਰਜ ਕੀਤੀ ਜਾਵੇ।
Published on: ਮਾਰਚ 13, 2025 2:40 ਬਾਃ ਦੁਃ