ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਦਿੱਤੇ ਸੁਝਾਅ ਜਲਦ ਹੋਣਗੇ ਲਾਗੂ: ਕੁਲਵੰਤ ਸਿੰਘ
ਮੋਹਾਲੀ: 13 ਮਾਰਚ, ਦੇਸ਼ ਕਲਿੱਕ ਬਿਓਰੋ
ਅੱਜ ਦ ਕੰਨਫਡਰੇਸ਼ਨ ਆਫ ਗ੍ਰੇਟਰ ਮੋਹਾਲੀ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ (ਰਜਿ) ਮੋਹਾਲੀ ਅਤੇ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ ਸਮੇਤ ਹੋਰਨਾਂ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਹੋਰ ਨੁੰਮਾਇੰਦਿਆਂ ਨੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨਾਲ ਬੈਠਕ ਕਰਕੇ ਮੋਹਾਲੀ ਸ਼ਹਿਰ ਦੇ ਵਿਕਾਸ ਸੰਬੰਧੀ ਕੁਝ ਸੁਝਾਅ ਦਿੱਤੇ |
ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਵੈਲਫੇਅਰ ਐਸੋਸੀਏਸ਼ਨ ਦੇ ਨੁੰਮਾਇੰਦਿਆਂ
ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਿਕਾਸ ਲਈ ਦਿੱਤੇ ਸੁਝਾਵਾਂ ਨੂੰ ਛੇਤੀ ਹੀ ਅਮਲ ‘ਚ ਲਿਆਂਦਾ ਜਾਵੇਗਾ | ਵੈਲਫੇਅਰ ਐਸੋਸੀਏਸ਼ਨ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੋਹਾਲੀ ਸ਼ਹਿਰ ਨੂੰ ਸੁੰਦਰ ਅਤੇ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਲਈ ਉਪਰਾਲੇ ਜਾਰੀ ਰਹਿਣਗੇ |
ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਹਿਰ ਦੀ ਬਿਹਤਰੀ ਲਈ ਸੁਝਾਅ ਦੇਣ ਤਾਂ ਜੋ ਮਿਲ ਜੁਲ ਕੇ ਸ਼ਹਿਰ ਦੀਆਂ ਸਮੱਸਿਆਵਾਂ ਛੇਤੀ ਹੱਲ ਕੀਤੀਆਂ ਜਾ ਸਕਣ | ਸ਼ਹਿਰ ਦੇ ਵੱਧ ਤੋਂ ਵੱਧ ਵਿਕਾਸ ਦੇ ਕੰਮ ਅਤੇ ਹਲਕਾ ਨਿਵਾਸੀਆਂ ਨੂੰ ਵਧੀਆ ਸਹੂਲਤਾਂ ਤੇ ਸ਼ਾਂਤੀਪੂਰਵਕ ਮਾਹੌਲ ਉਪਲਬੱਧ ਕਰਵਾਉਣਾ ਸਾਡੀ ਸਭ ਦੀ ਡਿਊਟੀ ਹੈ | ਮੋਹਾਲੀ ਸ਼ਹਿਰ ਨੂੰ ਇੱਕ ਮਾਡਲ ਸ਼ਹਿਰ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਛੱਡਾਂਗੇ।
ਦ ਕੰਨਫਡਰੇਸ਼ਨ ਆਫ ਗ੍ਰੇਟਰ ਮੋਹਾਲੀ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ (ਰਜਿ) ਮੋਹਾਲੀ ਨੇ ਪੱਤਰ ਰਾਹੀਂ ਦੱਸਿਆ ਕਿ ਪਾਰਕਾਂ ਦੀ ਦੇਖ ਰੇਖ ਸੰਬੰਧੀ ਇਕਰਾਰਨਾਮੇ ਦੀ ਸ਼ਰਤ ਨੰ. 03 ਮੁਤਾਬਕ ਪਾਰਕਾਂ ਦੀ ਗਰਿੱਲਾਂ/ਗੇਟ, ਝੂਲਿਆਂ, ਪੇਂਟ ਅਤੇ ਹੋਰ ਰਿਪੇਅਰ ਦਾ ਕੰਮ ਆਦਿ ਕਰਵਾਉਣ ਦੀ ਕੋਸਿਸ਼ ਐਸੋਸੀਏਸ਼ਨ ਵੱਲੋਂ ਕੀਤੀ ਜਾਂਦੀ ਹੈ।
ਐਸੋਸੀਏਸ਼ਨ ਨੇ ਕਿਹਾ ਇਕਰਾਰਨਾਮੇ ਦੀ ਸ਼ਰਤ ਮੁਤਾਬਕ ਹਰ ਮਹੀਨੇ ਕੀਤੇ ਜਾਣ ਵਾਲੇ ਕੁਝ ਨਿਸ਼ਚਿਤ ਖਰਚੇ, ਜਿਵੇਂ ਕਿ ਮਾਲੀ ਅਤੇ ਸਫਾਈ ਸੇਵਕ ਦੀ ਤਨਖ਼ਾਹ ਤੋਂ ਇਲਾਵਾ ਫੁਟਕਲ ਖਰਚੇ ਕੀਤੇ ਜਾਂਦੇ ਹਨ, ਇਸ ਤੋਂ ਇਲਾਵਾ ਸਫਾਈ ਦਾ ਸਮਾਨ, ਔਜ਼ਾਰ, ਪਨੀਰੀ, ਖਾਦ ਅਤੇ ਪਾਣੀ ਦੇ ਖਰਚੇ ਆਦਿ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਂਦੇ ਪੈਸਿਆਂ ‘ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਂਦੇ ਪੈਸੇ ਉਪਰੋਕਤ ਕੰਮਾਂ ਨੂੰ ਕਰਵਾਉਣ ਲਈ ਬਹੁਤ ਘੱਟ ਹਨ।
ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਆਰ.ਡਬਲਿਊ.ਏ. ਵੱਲੋਂ ਰੱਖ-ਰਖਾਅ ਕੀਤੇ ਜਾ ਰਹੇ ਪਾਰਕਾਂ ਦੇ ਖਰਚੇ ਦੀ ਅਦਾਇਗੀ ‘ਚ ਹਰ ਸਾਲ 20 ਪ੍ਰਤੀਸ਼ਤ ਵਾਧਾ ਕਰਨ ਦਾ ਉਪਬੰਧ ਹੈ, ਜੋ ਕਿ ਨਹੀਂ ਕੀਤਾ ਜਾ ਰਿਹਾ। ਐਸੋਸੀਏਸ਼ਨ ਨੇ ਇਸ ਫੰਡਾਂ ‘ਚ ਵਾਧਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਾਰਕਾਂ ਦਾ ਰੱਖ-ਰਖਾਅ ਤਸੱਲੀਬਖ਼ਸ ਕੀਤਾ ਜਾ ਸਕੇ | ਇਸਦੇ ਨਾਲ ਹਰ ਮਹੀਨੇ ਮਿਲਣ ਵਾਲੀ ਰਾਸ਼ੀ ਛੇਤੀ ਮਿਲਣਾ ਯਕੀਨੀ ਬਣਾਇਆ ਜਾਵੇ |
ਐਸੋਸੀਏਸ਼ਨ ਨੇ ਮੋਹਾਲੀ ਸ਼ਹਿਰ ਦੇ ਵਿਕਾਸ ਸਬੰਧੀ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ‘ਚ ਮੋਹਾਲੀ ਸ਼ਹਿਰ ‘ਚ ਸਫਾਈ, ਕੂੜਾ ਜਾਂ ਗੰਦਗੀ ਚੁੱਕਣ ਲਈ ਪ੍ਰਬੰਧ, ਸੜਕਾਂ ਦੀ ਸਫਾਈ, ਸੜਕਾਂ ‘ਚ ਪਏ ਖੱਡਿਆਂ ਨੂੰ ਛੇਤੀ ਭਰਨਾ, ਪਾਰਕਾਂ ਨੂੰ ਮੈਡੀਸਨਲ ਪਲਾਂਟ ਪਾਰਕ ਬਣਾਉਣ, ਭਾਈ ਘਨੱਈਆ ਜੀ ਦੇ ਨਾਮ ‘ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣ ਸੰਬੰਧੀ, ਰੁੱਖਾਂ ਦੀ ਨਿਗਰਾਨੀ ਕਰਨ ਸਬੰਧੀ ਕਮੇਟੀ ਬਣਾਉਣਾ, ਗੈਰ-ਕਾਨੂੰਨੀ ਟੈਲੀਫੋਨ ਦੀ ਤਾਰਾਂ, ਖਾਲੀ ਪਏ ਖੰਬੇ ਹਟਾਉਣ ਸੰਬੰਧੀ, ਫੁੱਟਪਾਥਾ ਦੀ ਸਫਾਈ, ਆਵਾਰਾ ਕੁੱਤਿਆਂ ਨੂੰ ਰੱਖਣ ਵਾਸਤੇ ਚੰਡੀਗੜ੍ਹ ਪੈਟਰਨ ‘ਤੇ ਸੈਂਡ ਬਣਾਉਣ ਸੰਬੰਧੀ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲਿਆਂ ‘ਚ ਸਖ਼ਤੀ, ਪਾਰਕਾਂ ‘ਚ ਰੇਲਿੰਗ ਅਤੇ ਪੱਕੇ ਤੇ ਕੱਚੇ ਟਰੈਕ ਬਣਾਉਣ ਸੰਬੰਧੀ, ਸਪੀਡ ਬਰੇਕਰਾਂ ਨੂੰ ਚੰਗੀ ਤਰ੍ਹਾਂ ਹਾਈਲਾਇਟ ਕਰਨਾ, ਐੱਨਜੀਓ ਨੂੰ ਇੱਕ-ਇੱਕ ਕਮਰਾ ਦੇਣਾ, ਦੁਕਾਨਦਾਰਾਂ ਦੇ ਅੱਗੇ ਪਈ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਸਬੰਧੀ, ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ, ਅਣ-ਅਧਿਕਾਰਤ ਥਾਂ ‘ਤੇ ਰੋੜੀਆ ਨੂੰ ਹਟਾਉਣ ਸੰਬੰਧੀ, ਪਾਰਕਾ ‘ਚ ਪੱਤਿਆ ਦੀ ਕੰਪੋਸਟ ਖਾਦ ਬਣਾਉਣ ਲਈ ਲੋਹੇ ਦੇ ਸਟੈਂਡ ਅਤੇ ਪਾਰਕਾਂ ‘ਚ ਪਾਣੀ ਦਾ ਕੁਨੈਕਸਨ ਮੰਗਣ ‘ਤੇ ਪ੍ਰਵਾਨਗੀ ਸਮੇਤ ਹੋਰ ਸੁਝਾਅ ਸ਼ਾਮਲ ਹਨ |
ਇਸ ਦੌਰਾਨ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੇ ਨਾਲ-ਨਾਲ ਦ ਕੰਨਫਡਰੇਸ਼ਨ ਆਫ ਗ੍ਰੇਟਰ ਮੋਹਾਲੀ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ (ਰਜਿ) ਮੋਹਾਲੀ ਦੇ ਪ੍ਰਧਾਨ ਸ੍ਰੀ ਕੇ.ਕੇ ਸੈਣੀ, ਸ੍ਰੀ ਐੱਮ.ਐੱਸ ਔਜਲਾ (ਪੈਟਰੋਨ), ਸੀਨੀਅਰ ਉੱਪ-ਪ੍ਰਧਾਨ, ਸ੍ਰੀ ਗੁਰਮੇਲ ਸਿੰਘ ਮੋਜੋਵਾਲ, ਉੱਪ-ਪ੍ਰਧਾਨ, ਸ੍ਰੀ ਬਖਸ਼ੀਸ਼ ਸਿੰਘ, ਜਰਨਲ ਸਕੱਤਰ, ਸ੍ਰੀ ਪਰਸ਼ੋਤਮ ਚੰਦ, ਫਾਇਨਾਂਸ ਸਕੱਤਰ, ਸ੍ਰੀ ਸੰਜੀਵ ਰਾਬੜਾ, ਜੁਆਇੰਟ ਸਕੱਤਰ, ਸ੍ਰੀ ਗੁਰਮੀਤ ਸਿੰਘ ਸਿਆਨ, ਆਡਿਟ ਅਫਸਰ, ਸ੍ਰੀ ਗੌਰਵ ਥਾਪਰ, ਔਰਗਾਨਾਈਜ਼ ਸਕੱਤਰ, ਸ੍ਰੀ ਰੁਪਿੰਦਰ ਕੇ ਨਾਗਰਾ, ਪ੍ਰੈਸ ਸਕੱਤਰ, ਸ੍ਰੀ ਜਸਵੀਰ ਸਿੰਘ ਗਰਾਂਗ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |
Published on: ਮਾਰਚ 13, 2025 5:44 ਬਾਃ ਦੁਃ