ਫਰੀਦਕੋਟ 13 ਮਾਰਚ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿੱਥੇ ਸਿਹਤ,ਸਿੱਖਿਆ ਵਿੱਚ ਉੱਚ ਦਰਜੇ ਦੇ ਕਾਰਜ ਕਰਕੇ ਸੂਬੇ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾ ਰਿਹਾ ਹੈ, ਉੱਥੇ ਹੀ ਵਿਕਾਸ ਕਾਰਜ ਕਰਵਾ ਕੇ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਚਹਿਲ, ਧਾਲੀਵਾਲ, ਦੁਆਰੇਆਣਾ ਅਤੇ ਖਾਰਾ ਵਿਖੇ ਗਲੀਆਂ/ ਸੜਕਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਯੋਗ ਅਗਵਾਈ ਵਿੱਚ ਸੂਬੇ ਦੇ ਪਿੰਡਾਂ ਦੀਆਂ ਮੁਸ਼ਕਲਾਂ ਦਾ ਹੱਲ ਅਤੇ ਸਰਬਪੱਖੀ ਵਿਕਾਸ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਪਹਿਲ ਦੇ ਅਧਾਰ ਉਪਰ ਮਿਆਰੀ ਦਰਜੇ ਦੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸਨ ਜੋ ਕਿ ਹੁਣ ਪੂਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਟਕਪੂਰਾ ਹਲਕੇ ਦੇ ਹਰ ਵਰਗ ਦੀ ਮੰਗ ਦੇ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਉਨ੍ਹਾਂ ਨੇ ਗ੍ਰਾਮ ਪੰਚਾਇਤ ਕੋਠੇ ਇੰਦਰ ਸਿੰਘ, ਗ੍ਰਾਮ ਪੰਚਾਇਤ ਕੋਠੇ ਗੱਜਣ ਸਿੰਘ, ਗ੍ਰਾਮ ਪੰਚਾਇਤ ਬਸਤੀ ਨਾਨਕਸਰ ਅਤੇ ਗ੍ਰਾਮ ਪੰਚਾਇਤ ਪਿੰਡ ਸੰਧਵਾਂ, ਕੋਠੇ ਧਾਲੀਵਾਲ, ਪਿੰਡ ਚਮੇਲੀ, ਪਿੰਡ ਹਰੀਏਵਾਲਾ ਨੂੰ 5-5 ਲੱਖ ਰੁਪਏ ਦੀ ਰਾਸ਼ੀ ਅਤੇ ਪਿੰਡ ਪੱਕਾ ਨੰਬਰ-2 ਨੂੰ 2 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਹਨ ਤਾਂ ਜੋ ਵਿਕਾਸ ਕਾਰਜ ਦੇ ਕੰਮ ਪੂਰੀ ਤੇਜੀ ਨਾਲ ਜਾਰੀ ਰਹਿਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਸੰਧਵਾਂ ਵਿਖੇ ਸੁਸਾਇਟੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਸਟ ਪੁਆਇੰਟ ਸਕੂਲ ਨੂੰ ਜਾਂਦੀ ਸੜਕ ਬਣਾਉਣ ਲਈ 24 ਲੱਖ ਰੁਪਏ ਦੇ ਕੰਮ ਦਾ ਪ੍ਰੋਜੈਕਟ ਸ਼ੁਰੂ ਕਰਵਾਇਆ ਗਿਆ ਹੈ।
ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਬੀ.ਡੀ.ਪੀ.ਓ ਅਭਿਨਵ ਗੋਇਲ, ਏ.ਪੀ.ਓ ਮਗਨਰੇਗਾ ਗਗਨਦੀਪ, ਸਿਮਰਨਜੀਤ ਸਿੰਘ ਐਮ.ਸੀ., ਸਰਪੰਚ ਦਿਲਬਾਗ ਸਿੰਘ ਬਰਾੜ ਪਿੰਡ ਚੰਬੇਲੀ, ਜਗਤਾਰ ਸਿੰਘ ਸਰਪੰਚ ਪਿੰਡ ਖਾਰਾ, ਸੁਖਵੰਤ ਸਿੰਘ ਪੱਕਾ, ਗੁਰਜਿੰਦਰ ਸਿੰਘ ਪੱਕਾ, ਮੈਂਬਰ ਹਰਭਜਨ ਸਿੰਘ, ਸੁਖਜਿੰਦਰ ਸਿੰਘ, ਜਗਸੀਰ ਸਿੰਘ, ਕੁਲਦੀਪ ਕੌਰ, ਵੀਰਪਾਲ ਕੌਰ, ਸੀਰਾ ਕੌਰ, ਛਿੰਦਰਪਾਲ ਸਿੰਘ, ਪੰਚਾਇਤ ਸਕੱਤਰ ਸੁਖਚੈਨ ਸਿੰਘ, ਕੇਵਲ ਸਿੰਘ ਹਾਜ਼ਰ ਸਨ।
Published on: ਮਾਰਚ 13, 2025 5:26 ਬਾਃ ਦੁਃ