ਚੰਡੀਗੜ੍ਹ, 17 ਮਾਰਚ, ਦੇਸ਼ ਕਲਿਕ ਬਿਊਰੋ :
ਵੈਸਟਰਨ ਡਿਸਟਰਬੈਂਸ ਸੁਸਤ ਪੈਣ ਤੋਂ ਬਾਅਦ ਪੰਜਾਬ ‘ਚ ਇਸ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਹੀਂ ਪਿਆ ਅਤੇ ਧੁੱਪ ਨਿਕਲੀ। ਜਿਸ ਤੋਂ ਬਾਅਦ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 3.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ‘ਚ ਹੁਣ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲੇਗਾ। ਅਗਲੇ 48 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਔਸਤ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਹਫਤੇ ‘ਚ ਨਾ ਤਾਂ ਮੀਂਹ ਅਤੇ ਨਾ ਹੀ ਕਿਸੇ ਪੱਛਮੀ ਗੜਬੜੀ ਦਾ ਸੂਬੇ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਸਾਲ 2024 ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਸੀ। ਪਰ ਇਸ ਸਾਲ ਵੀ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਜੇਕਰ ਮਾਰਚ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ ਤਾਂ ਸੂਬੇ ‘ਚ 46 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਮਾਰਚ ਦੇ ਪਹਿਲੇ 15 ਦਿਨਾਂ ਵਿੱਚ ਔਸਤਨ 14 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਸਾਲ ਸਿਰਫ਼ 7.6 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਸੂਬੇ ‘ਚ 21.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਸੂਬੇ ‘ਚ ਆਮ ਨਾਲੋਂ 27.1 ਮਿਲੀਮੀਟਰ ਬਾਰਿਸ਼ ਹੁੰਦੀ ਹੈ।
Published on: ਮਾਰਚ 17, 2025 7:14 ਪੂਃ ਦੁਃ