ਕਈ ਹਥਿਆਰ, ਭਾਰੀ ਮਾਤਰਾ ‘ਚ ਨਸ਼ਾ ਤੇ ਡਰੱਗ ਮਨੀ ਬਰਾਮਦ
ਤਰਨਤਾਰਨ, 18 ਮਾਰਚ, ਦੇਸ਼ ਕਲਿਕ ਬਿਊਰੋ :
ਤਰਨਤਾਰਨ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਪੁਲੀਸ ਨੇ ਨਸ਼ਾ ਅਤੇ ਹਥਿਆਰ ਤਸਕਰਾਂ ਦੇ ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਨਸ਼ਾ ਅਤੇ ਹਥਿਆਰ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਗਿਰੋਹ ਦੇ ਮੈਂਬਰਾਂ ਵਿਚਕਾਰ ਮੁੱਠਭੇੜ ਹੋ ਗਈ ਅਤੇ ਗਿਰੋਹ ਦੇ ਮੈਂਬਰਾਂ ਨੇ ਪੁਲਿਸ ‘ਤੇ ਸਿੱਧੀ ਫਾਇਰਿੰਗ ਕੀਤੀ।
ਇਸ ਗੋਲੀਬਾਰੀ ਦੌਰਾਨ ਦੋ ਮੁਲਜ਼ਮਾਂ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ਨੇ ਕਾਬੂ ਕਰ ਲਿਆ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮੌਕੇ ਤੋਂ ਤਿੰਨ ਨਜਾਇਜ਼ ਹਥਿਆਰ, ਕਈ ਜਿੰਦਾ ਕਾਰਤੂਸ, ਸੱਤ ਕਿੱਲੋ ਅਫੀਮ, ਇੱਕ ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਹੋਏ ਹਨ।
Published on: ਮਾਰਚ 18, 2025 7:11 ਪੂਃ ਦੁਃ