ਸ੍ਰੀ ਮੁਕਤਸਰ ਸਾਹਿਬ, 19 ਮਾਰਚ, ਦੇਸ਼ ਕਲਿੱਕ ਬਿਓਰੋ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕਰਵਾਈ ਜਾਣ ਵਾਲੀ ਨੀਟ ਦੀ ਪ੍ਰੀਖਿਆ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਇਸ ਸਬੰਧੀ ਬਣੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਉਨਾਂ ਨੇ ਇਸ ਮੌਕੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪਾਰਦਰਸ਼ੀ ਅਤੇ ਸ਼ਾਂਤਮਈ ਪ੍ਰੀਖਿਆ ਲਈ ਸਾਰੇ ਪ੍ਰਬੰਧ ਅਗੇਤੇ ਤੌਰ ਤੇ ਮੁਕੰਮਲ ਕੀਤੇ ਜਾਣ। ਇਸ ਲਈ ਪ੍ਰੀਖਿਆ ਕੇਂਦਰ ਬਣਾਉਣ ਲਈ ਸਕੂਲਾਂ ਦੀ ਚੋਣ ਤੋਂ ਇਲਾਵਾ ਉਸ ਇਲਾਕੇ ਵਿੱਚ ਪਾਰਕਿੰਗ ਦੀ ਸੁਵਿਧਾ, ਪ੍ਰੀਖਿਆ ਦੇਣ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਪੀਣ ਦੇ ਪਾਣੀ ਅਤੇ ਹੋਰ ਸੁਵਿਧਾਵਾਂ ਦੀ ਵਿਵਸਥਾ ਕਰਨ ਦੀ ਹਦਾਇਤ ਦਿੱਤੀ। ਉਹਨਾਂ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਤੇ ਮੈਡੀਕਲ ਟੀਮ ਵੀ ਤਾਇਨਾਤ ਰਹੇਗੀ ਅਤੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਸਹੀ ਤਰੀਕੇ ਨਾਲ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਪ੍ਰਿੰਸੀਪਲ ਸਤਪਾਲ ਕੁਲਹਾੜੀ ਨੇ ਜ਼ਿਲ੍ਹੇ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੋਂਗਾ ਨੇ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 4 ਮਈ ਨੂੰ ਹੋਣ ਵਾਲੀ ਪ੍ਰੀਖਿਆ ਲਈ 489 ਪ੍ਰੀਖਿਆਰਥੀ ਦਰਜ ਹੋਏ ਹਨ। ਬੈਠਕ ਵਿੱਚ ਐਸਪੀ ਕੰਵਲਪ੍ਰੀਤ ਸਿੰਘ ਚਾਹਲ, ਐਸਡੀਐਮ ਬਲਜੀਤ ਕੌਰ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।
Published on: ਮਾਰਚ 19, 2025 3:28 ਬਾਃ ਦੁਃ