ਅੰਮ੍ਰਿਤਸਰ, 19 ਮਾਰਚ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਲਾਈਨ ਥਾਣਾ ਖੇਤਰ ਵਿੱਚ ਇੱਕ ਮਹਿੰਦਰਾ ਥਾਰ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਦਾ ਮਾਲਕ ਅਤੇ ਉਸ ਦੇ ਦੋ ਦੋਸਤ ਜੰਮੂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ। ਘਟਨਾ ਕੰਪਨੀ ਬਾਗ ਨੇੜੇ ਵਾਪਰੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ ਜੰਮੂ ਦਾ ਰਹਿਣ ਵਾਲਾ ਸੰਜੀਤ ਕੁਮਾਰ ਫੌਜ ਵਿੱਚ ਤਾਇਨਾਤ ਹੈ ਅਤੇ ਆਪਣੇ ਦੋ ਦੋਸਤਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਇਆ ਹੋਇਆ ਸੀ। ਜਿਵੇਂ ਹੀ ਗੱਡੀ ਕੰਪਨੀ ਬਾਗ ਨੇੜੇ ਪੁੱਜੀ ਤਾਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਗੱਡੀ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਇਹ ਗੱਡੀ 15 ਦਿਨ ਪਹਿਲਾਂ ਹੀ ਨਵੀਂ ਖਰੀਦੀ ਸੀ। ਕਾਰ ਨੂੰ ਅੱਗ ਲੱਗਦੇ ਹੀ ਤਿੰਨੋਂ ਨੌਜਵਾਨਾਂ ਨੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।
Published on: ਮਾਰਚ 19, 2025 12:02 ਬਾਃ ਦੁਃ