ਲੁਧਿਆਣਾ, 19 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਵਿਦਿਆਰਥਣ ਫੋਕਲ ਪੁਆਇੰਟ ਇਲਾਕੇ ਵਿੱਚ ਪਾਣੀ ਦੀ ਟੈਂਕੀ ’ਤੇ ਚੜ੍ਹ ਗਈ। ਵਿਦਿਆਰਥਣ ਨੂੰ ਪਾਣੀ ਵਾਲੀ ਟੈਂਕੀ ‘ਤੇ ਚੜ੍ਹਦਿਆਂ ਦੇਖ ਕੇ ਲੋਕਾਂ ਨੇ ਰੌਲਾ ਪਾਇਆ ਅਤੇ ਉਸ ਨੂੰ ਹੇਠਾਂ ਉਤਰਨ ਲਈ ਕਿਹਾ। ਲੋਕਾਂ ਨੇ ਇਸ ਸਬੰਧੀ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ।
ਵਿਦਿਆਰਥਣ ਦੀ ਮਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹੇਠਾਂ ਉਤਰਨ ਲਈ ਬੁਲਾਇਆ ਪਰ ਉਹ ਹੇਠਾਂ ਨਹੀਂ ਉਤਰੀ। ਤੁਰੰਤ ਮੌਕੇ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਸ ਪਾਰਟੀ ਨੇ ਕਰੀਬ ਅੱਧੇ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਵਿਦਿਆਰਥਣ ਨੂੰ ਸ਼ਾਂਤ ਕਰ ਕੇ ਹੇਠਾਂ ਉਤਾਰਿਆ।
ਜਾਣਕਾਰੀ ਦਿੰਦਿਆਂ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਇਲਾਕੇ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਅੱਜ ਉਸ ਦੀ 10ਵੀਂ ਜਮਾਤ ਦੀ ਹਿੰਦੀ ਦੀ ਪ੍ਰੀਖਿਆ ਸੀ। ਸਕੂਲ ਦਾ ਸਮਾਂ ਸਵੇਰੇ 10 ਵਜੇ ਹੈ ਪਰ ਉਸ ਦੀ ਧੀ ਅੱਜ ਸਵੇਰੇ 9 ਵਜੇ ਸਕੂਲ ਜਾਣ ਲੱਗੀ। ਪਰਿਵਾਰ ਵਾਲਿਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਉਸ ਨੂੰ ਸਕੂਲ ਵੱਲੋਂ ਨਿਰਧਾਰਤ ਟਾਈਮ ਟੇਬਲ ਅਨੁਸਾਰ ਘਰੋਂ ਜਾਣ ਲਈ ਕਿਹਾ।
ਮਾਂ ਮੁਤਾਬਕ ਉਸ ਦੀ ਬੇਟੀ ਗੁੱਸੇ ਨਾਲ ਸਵੇਰੇ 9 ਵਜੇ ਘਰੋਂ ਨਿਕਲ ਗਈ। ਪੁਲੀਸ ਦੀ ਮਦਦ ਨਾਲ ਉਸ ਨੂੰ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ।
Published on: ਮਾਰਚ 19, 2025 5:22 ਬਾਃ ਦੁਃ