ਅਸੀਂ ਸਾਰਾ ਰਸਤਾ ਖੋਲਾਂਗੇ: ਡੀ ਆਈ ਜੀ ਮਨਦੀਪ ਸਿੰਘ ਸਿੱਧੂ
ਖਨੌਰੀ: 19 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਨੇ ਖਨੋਰੀ ਬਾਰਡਰ ਉੱਤੇ ਵੱਡਾ ਐਕਸ਼ਨ ਕੀਤਾ ਹੈ। ਸਰਕਾਰ ਨੇ ਅੱਜ ਵੱਡੀ ਤਿਆਰੀ ਕਰਕੇ ਬਾਰਡਰ ਖਾਲੀ ਕਰਾਉਣ ਦਾ ਐਲਾਨ ਕੀਤਾ ਹੈ। ਭਾਵੇਂ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਬਾਪੂ ਅਤੇ ਭਰਾਵਾਂ ਨੂੰ ਓਨਾ ਚਿਰ ਕੁਝ ਨਹੀਂ ਕਹਿਣਗੇ ਪਰ ਜੋ ਵੀ ਕੋਈ ਸ਼ਰਾਰਤ ਕਰੇਗਾ ਉਸ ਨਾਲ ਸਖਤੀ ਕਰਾਂਗੇ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪੁਲਿਸ ਜਦੋਂ ਕਿਸਾਨਾਂ ਨੂੰ ਬੱਸਾਂ ‘ਚ ਬੈਠਣ ਲਈ ਕਹਿਣ ਲੱਗੀ ਤਾਂ ਕਿਸਾਨਾਂ ਨੇ ਵਿਰੋਧ ਕੀਤਾ। ਪੁਲਿਸ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਫੜ ਕੇ ਬੱਸਾਂ ‘ਚ ਤੂੜ ਦਿੱਤਾ।
ਇਸ ਮੌਕੇ ਏ ਡੀ ਸੀ ਸੁਖਚੈਨ ਸਿੰਘ ਮਜਿਸਟਰੇਟ ਨੇ ਕਿਹਾ ਕਿ ਸਰਕਾਰ ਦਾ ਹੁਕਮ ਹੈ ਕਿ ਉਹ ਅੱਜ ਬਾਰਡਰ ਖਾਲੀ ਕਰਾਉਣਗੇ ਅਤੇ ਸਾਰੇ ਕਿਸਾਨਾਂ ਨੂੰ ਇੱਥੋਂ ਹਟਣਾ ਪਵੇਗਾ। ਕਿਸਾਨਾਂ ਨੂੰ ਇੱਥੇ 5 ਤੋਂ ਵੱਧ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ।ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਹਰ ਹਾਲਤ ਵਿੱਚ ਰਸਤਾ ਖਾਲੀ ਕਰਵਾਉਣਗੇ। ਪੁਲਿਸ ਨੇ ਕਿਸਾਨਾਂ ਨੂੰ ਫੜ ਕੇ ਬੱਸਾਂ ਵਿੱਚ ਬਿਠਾ ਲਿਆ ਹੈ ਅਤੇ ਜਿਹੜੇ ਟਕਰਾਅ ਕਰਦੇ ਸਨ ਉਨ੍ਹਾਂ ਨੂੰ ਡਾਂਗਾਂ ਵੀ ਮਾਰੀਆਂ ਗਈਆਂ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਦੀ ਨਫਰੀ 3000 ਤੋਂ ਵੱਧ ਹੈ ਤੇ ਕਿਸਾਨ 400 ਦੇ ਕਰੀਬ ਸਨ। ਲੀਡਰਾਂ ਦੇ ਪਹਿਲਾਂ ਹੀ ਗ੍ਰਿਫਤਾਰ ਹੋਣ ਕਾਰਨ ਕਿਸਾਨਾਂ ਦਾ ਕੋਈ ਵੀ ਲੀਡਰ ਮੌਕੇ ‘ਤੇ ਨਹੀਂ ਸੀ ਜਿਸ ਕਾਰਨ ਕਿਸਾਨ ਆਪ ਹੀ ਬੱਸਾਂ ਵਿੱਚ ਚੜ੍ਹਨ ਲੱਗ ਗਏ। ਹੁਣ ਪੁਲਿਸ ਉੱਥੇ ਖੜੀਆਂ ਟਰਾਲੀਆਂ ਤੇ ਪਾਈਆਂ ਝੁੱਗੀਆਂ ਨੂੰ ਹਟਾਉਣ ਦੀ ਕਵਾਇਤ ਕਰ ਰਹੀ ਹੈ।
ਇਸੇ ਦੌਰਾਨ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਪਹੁੰਚ ਕੇ ਸ਼ੰਭੂ ਬਾਰਡਰ ਵੀ ਖਾਲੀ ਕਰਵਾ ਦਿੱਤਾ। ਪੁਲਿਸ ਨੇ ਜੇ ਸੀ ਬੀ ਨਾਲ ਕਿਸਾਨਾਂ ਵੱਲੋਂ ਬਣਾਏ ਸ਼ੈੱਡ, ਬੋਰਡ ਤੇ ਸਟੇਜ ਆਦਿ ਨੂੰ ਤੋੜ ਦਿੱਤਾ। ਇਸ ਦੌਰਾਨ ਸ਼ੰਭੂ ਬਾਰਡਰ ‘ਚ ਸਥਿਤ ਕਿਸਾਨਾਂ ਵੱਲੋਂ ਕੋਈ ਖਾਸ ਵਿਰੋਧ ਸਾਹਮਣੇ ਨਹੀਂ ਆਇਆ।
Published on: ਮਾਰਚ 19, 2025 8:23 ਬਾਃ ਦੁਃ