ਚੰਡੀਗੜ੍ਹ, 20 ਮਾਰਚ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਬਾਰਡਰ ਉਤੇ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਬੀਤੇ ਰਾਤ ਨੂੰ ਸਰਕਾਰ ਵੱਲੋਂ ਜ਼ਬਰੀ ਚੁੱਕੇ ਜਾਣ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੀ ਇਸ ਕਾਰਵਾਈ ਖਿਲਾਫ ਅੱਜ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਉਤੇ ਪ੍ਰਦਰਸ਼ਨ ਕੀਤਾ ਗਿਆ। ਮੋਗਾ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਜਦੋਂ ਕਿਸਾਨ ਇਕੱਠੇ ਹੋ ਕੇ ਡੀਸੀ ਦਫ਼ਤਰ ਵੱਲ ਵੱਧਣ ਲੱਗੇ ਤਾਂ ਪੁਲਿਸ ਨੇ ਨਾਕਾ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਕਿਸਾਨ ਪੁਲਿਸ ਦਾ ਨਾਕਾ ਤੋੜਕੇ ਅੱਗੇ ਵੱਧ ਵਿੱਚ ਸਫਲ ਹੋ ਗਏ।
ਗਿਦੜਬਾਹਾ ਵਿੱਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ।
ਇਸੇ ਤਰ੍ਹਾਂ ਹੀ ਬਠਿੰਡਾ ਜ਼ਿਲ੍ਹੇ ਵਿੱਚ ਜੀਦਾ ਟੋਲ ਪਲਾਜ਼ੇ ’ਤੇ ਜਾਮ ਲਗਾਉਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਲੈ ਲਿਆ ਹੈ। ਕਈ ਕਿਸਾਨਾਂ ਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨਾਂ ਨੂੰ ਕੁੱਟ ਮਾਰ ਰਹੀ ਹੈ।
ਮੁਕਤਸਰ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕਰਨ ਨੂੰ ਲੈ ਕੇ ਪੁਲਿਸ ਵੱਲੋਂ ਐਕਸ਼ਨਿ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨਾਂ ਦੇ ਧਰਨਾ ਲਗਾਉਣ ਤੋਂ ਪਹਿਲਾਂ ਹੀ ਡਿਟੇਨ ਕਰ ਲਏ।
Published on: ਮਾਰਚ 20, 2025 1:01 ਬਾਃ ਦੁਃ