ਗੰਦਗੀ ਭਰਪੂਰ ਥਾਵਾਂ ਤੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ/ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ- ਡੀ ਸੀ ਕੋਮਲ ਮਿੱਤਲ

ਟ੍ਰਾਈਸਿਟੀ

ਮਨੁੱਖੀ ਜਾਨਾਂ ਨਾਲ ਖੇਡਣ ਦੀ ਇਸ ਲਾਪ੍ਰਵਾਹੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਐਫ.ਆਈ.ਆਰ.

ਬਰਾਮਦ ਹੋਇਆ ਮਾਸ ਦਾ ਟੁਕੜਾ ਪਸ਼ੂ ਪਾਲਣ ਮਾਹਿਰਾਂ ਦੀ ਜਾਂਚ ਅਧੀਨ

ਮੋਹਾਲੀ, 19 ਮਾਰਚ, 2025: ਦੇਸ਼ ਕਲਿੱਕ ਬਿਓਰੋ
ਗੈਰ-ਸਿਹਤਮੰਦ ਤੇ ਗੰਦਗੀ ਭਰੀਆਂ ਹਾਲਾਤਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਗੈਰ-ਸਿਹਤਮੰਦ ਭੋਜਨ ਨਾਲ ਮਨੁੱਖੀ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ, ਸਿਹਤ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਐਤਵਾਰ ਨੂੰ ਮਟੌਰ ਖੇਤਰ ਵਿਖੇ ਸਥਿਤ ਅਹਾਤੇ ‘ਤੇ ਛਾਪੇਮਾਰੀ ਕਰਕੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਸਮੇਤ ਸਬਜ਼ੀਆਂ ਅਤੇ ਹੋਰ ਵਸਤਾਂ ਦੇ ਸੈਂਪਲ ਲਏ ਗਏ ਹਨ।

     ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਰਸੋਈ ਚੋਂ ਬਰਾਮਦ ਹੋਏ ਮਾਸ ਦੇ ਟੁਕੜੇ, ਜਿਸ ਨੂੰ ਕੁੱਤੇ ਦੇ ਮੀਟ ਵਜੋਂ ਗਲਤ ਢੰਗ ਨਾਲ ਪ੍ਰਚਾਰਿਆ ਗਿਆ ਹੈ, ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਪਾਲਣ ਮਾਹਿਰਾਂ ਦੁਆਰਾ ਇਸ ਬਾਰੇ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਪਾਲਣ ਮਾਹਿਰਾਂ ਵੱਲੋਂ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਇਸ ਮਾਸ ਦੇ ਟੁਕੜੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੇ ਵਿਸ਼ਵਾਸ਼ ਨਾ ਕਰਨ।

      ਇਸ ਗੰਦਗੀ ਭਰੀ ਹਾਲਾਤ ਨਾਲ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਵੀ ਦੋਸ਼ੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨ ਅਤੇ ਅਗਲੇਰੀ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ।

ਐਸ ਐਸ ਪੀ ਦੀਪਕ ਪਾਰੀਕ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਇਸ ਗੰਭੀਰ ਮਨੁੱਖੀ ਲਾਪ੍ਰਵਾਹੀ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ। ਇਹ ਐਫ.ਆਈ.ਆਰ. ਭਾਰਤੀ ਨਿਆਏ ਸੰਘਤਾ ਦੀ ਧਾਰਾ 272 ਅਤੇ 274 ਤਹਿਤ ਦਰਜ ਕੀਤੀ ਗਈ ਹੈ।

      ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਿਹਤ, ਫੂਡ ਸੇਫਟੀ ਅਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਮੁਹਾਲੀ ਵਿੱਚ ਫਾਸਟ ਫੂਡ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਸਾਰੇ ਵਿਕਰੇਤਾਵਾਂ ਦਾ ਨਿਰੀਖਣ ਕਰਨ ਤਾਂ ਜੋ ਸਫਾਈ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਫੂਡ ਸੇਫਟੀ ਟੀਮਾਂ ਨੂੰ ਇਨ੍ਹਾਂ ਵਿਕਰੇਤਾਵਾਂ ਦੇ ਫੂਡ ਸੇਫਟੀ ਲਾਇਸੈਂਸਾਂ ਦੀ ਜਾਂਚ ਕਰਨ ਅਤੇ ਕਿਸੇ ਵੀ ਅਣਗਹਿਲੀ ਦੀ ਸੂਰਤ ਵਿੱਚ ਭਾਰੀ ਰਾਸ਼ੀ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ।

     ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤ ਵੜਿੰਗ ਨੇ ਅੱਗੇ ਦੱਸਿਆ ਕਿ ਸਾਡੀ ਟੀਮ ਨੇ ਉਕਤ ਸਥਾਨ ਤੋਂ ਕਰੀਬ ਛੇ ਸੈਂਪਲ ਲਏ ਹਨ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਧਾਰਾ 63 ਦੀ ਉਲੰਘਣਾ ਕਰਨ ਦੇ ਚਲਾਨ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਅਤੇ ਵੇਚਣ ਵਿੱਚ ਸਵੱਛਤਾ ਅਤੇ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵਿਆਪਕ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਅਜਿਹੀ ਅਣਗਹਿਲੀ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਲਾਗੂ ਕੀਤੀ ਜਾਵੇਗੀ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਪਰਮਿੰਦਰ ਪਾਲ ਸਿੰਘ, ਕਮਿਸ਼ਨਰ, ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਅਣ-ਅਧਿਕਾਰਤ ਖਾਣ-ਪੀਣ ਦੀਆਂ ਰੇਹੜੀਆਂ/ਸਟਾਲਾਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਅਣ-ਅਧਿਕਾਰਤ ਤੌਰ ‘ਤੇ ਮੀਟ ਦੀ ਕਟਾਈ ਨੂੰ ਰੋਕਣ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਵੀ ਆਖਿਆ ਹੈ।

Published on: ਮਾਰਚ 20, 2025 8:41 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।