ਆਮ ਆਦਮੀ ਪਾਰਟੀ ਦਾ ਵੀ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ, 20 ਮਾਰਚ, ਦੇਸ਼ ਕਲਿੱਕ ਬਿਓਰੋ :
ਅਧਿਕਾਰੀਆਂ ਵੱਲੋਂ ਗੱਲ ਨਾ ਸੁਣਨ ਨੂੰ ਲੈ ਕੇ ਵਿਧਾਇਕ ਪ੍ਰੇਸ਼ਾਨ ਹਨ। ਅਧਿਕਾਰੀ ਵਿਧਾਇਕਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੇ, ਇਸ ਪ੍ਰੇਸ਼ਾਨੀ ਦੇ ਚਲਦਿਆਂ ਸਪੀਕਰ ਵੱਲੋਂ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ। ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਮੁੱਖ ਸਕੱਤਰ ਧਰਮੇਂਦਰ ਨੂੰ ਪੱਤਰ ਲਿਖਕੇ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਹੈ। ਸਪੀਕਰ ਨੇ ਮੁੱਖ ਸਕੱਤਰ ਲਿਖੇ ਪੱਤਰ ਵਿੱਚ ਕਿਹਾ ਕਿ ਦਿੱਲੀ ਦੇ ਅਧਿਕਾਰੀ ਵਿਧਾਇਕਾਂ ਦੇ ਪੱਤਰਾਂ, ਫੋਨ ਕਾਲ ਜਾਂ ਮੈਸੇਜ ਦਾ ਜਵਾਬ ਨਹੀਂ ਦਿੱਦੇ। ਸਪੀਕਰ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਪ੍ਰਸ਼ਾਸਨਿਕ ਸਕੱਤਰਾਂ, ਦਿੱਲੀ ਸਰਕਾਰ, ਦਿੱਲੀ ਪੁਲਿਸ, ਡੀਡੀਏ ਆਦਿ ਦੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ।
ਸਪੀਕਰ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਲਿਖਿਆ, ਕੁਝ ਅਜਿਹੇ ਮਾਮਲੇ ਮੇਰੇ ਧਿਆਨ ਵਿੱਚ ਲਿਆਂਦੇ ਗਏ ਹਨ ਜਿੱਥੇ ਮਾਨਯੋਗ ਮੈਂਬਰਾਂ ਦੇ ਪੱਤਰ, ਫੋਨ ਕਾਲ ਜਾਂ ਮੈਸੇਜ ਕੀਤੇ ਗਏ, ਸਬੰਧਤ ਅਧਿਕਾਰੀਆਂ ਵੱਲੋਂ ਸਵੀਕਾਰ ਵੀ ਨਹੀਂ ਕੀਤੇ ਗਏ। ਵਿਧਾਇਕਾਂ ਦੀ ਗੱਲ ਨਾ ਸੁਣਨਾ ਇਕ ਗੰਭੀਰ ਮਾਮਲਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਸਬੰਧ ਵਿੱਚ ਜਨਰਲ ਪ੍ਰਸ਼ਾਸਨ ਵਿਭਾਗ, ਦਿੱਲੀ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ ਉਤੇ ਜਾਰੀ ੀਕਤੇ ਗਏ ਸਰਕਾਰੀ ਹੁਕਮਾਂ ਨੂੰ ਤੁਰੰਤ ਦੁਹਰਾਉਣ ਦੀ ਲੋੜ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸੌਰਵ ਭਾਰਦਵਾਜ ਨੇ ਭਾਜਪਾ ਉਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਦਸ ਸਾਲ ਤੱਕ ਦਿੱਲੀ ਦੇ ਅਫਸਰਾਂ ਨੂੰ ਸਿਖਾਇਆ ਗਿਆ ਕਿ ਮੰਤਰੀ ਅਤੇ ਵਿਧਾਇਕਾਂ ਦੀ ਗੱਲ ਨਹੀਂ ਸੁਣਨੀ। ਵਿਧਾਇਕਾਂ ਅਤੇ ਮੰਤਰੀਆਂ ਦੇ ਫੋਨ ਨਹੀਂ ਚੁਕਣੇ, ਚਿੱਠੀ ਦਾ ਜਵਾਬ ਨਹੀਂ ਦੇਣਾ। ਗੱਲ ਗੱਲ ਉਤੇ ਆਮ ਆਦਮੀ ਪਾਰਟੀ ਨੂੰ ਗਿਆਨ ਦੇਣ ਵਾਲੇ ਅੱਜ ਖੁਦ ਪ੍ਰੇਸ਼ਾਨ ਹਨ। ਹੁਣ ਭਾਜਪਾ ਦੀ ਸਰਕਾਰ ਬਣੀ ਤਾਂ ਅਫਸਰਾਂ ਦੀ ਮਨਮਾਨੀ ਸਮਝ ਆ ਰਹੀ ਹੈ। ਪਹਿਲਾਂ ਇਹੀ ਭਾਜਪਾ ਅਫਸਰਾਂ ਦੀ ਤਰਫਦਾਰੀ ਕਰਦੀ ਸੀ। ਹੁਣ ਉਨ੍ਹਾਂ ਨੂੰ ਕਰਤੱਵ ਸਿਖਾਇਆ ਜਾ ਰਿਹਾ ਹੈ। ਅੱਜ ਭਾਜਪਾ ਨੂੰ ਸਮਝ ਆ ਗਿਆ ਕਿ ਲੋਕਤੰਤਰ ਨੂੰ ਕਮਜ਼ੋਰ ਕਰਨ ਨਾਲ ਦੇਸ਼ ਅਤੇ ਜਨਤਾ ਦਾ ਸਿਰਫ ਨੁਕਸਾਨ ਹੀ ਹੁੰਦਾ ਹੈ।
Published on: ਮਾਰਚ 20, 2025 6:00 ਬਾਃ ਦੁਃ