ਨਵੀਂ ਦਿੱਲੀ, 20 ਮਾਰਚ, ਦੇਸ਼ ਕਲਿਕ ਬਿਊਰੋ :
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿੱਚ ਦੱਸਿਆ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਸਿਆਸਤਦਾਨਾਂ ਖ਼ਿਲਾਫ਼ ਈਡੀ ਵੱਲੋਂ ਦਰਜ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ ਬਹੁਤ ਘੱਟ ਹੈ। ਪਿਛਲੇ 10 ਸਾਲਾਂ ‘ਚ ਈਡੀ ਨੇ 193 ਨੇਤਾਵਾਂ ‘ਤੇ ਕੇਸ ਦਰਜ ਕੀਤੇ, ਜਿਨ੍ਹਾਂ ‘ਚੋਂ ਸਿਰਫ 2 ਹੀ ਸਾਬਤ ਹੋ ਸਕੇ। ਹਾਲਾਂਕਿ ਇਸ ਦੌਰਾਨ ਕਿਸੇ ਨੂੰ ਵੀ ਬੇਕਸੂਰ ਨਹੀਂ ਕਰਾਰ ਦਿੱਤਾ ਗਿਆ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਰਾਜ ਸਭਾ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਸੰਸਦ ਮੈਂਬਰ ਏਏ ਰਹੀਮ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਸੰਸਦ ਮੈਂਬਰ ਨੇ ਪੁੱਛਿਆ ਸੀ ਕਿ ਪਿਛਲੇ 10 ਸਾਲਾਂ ਵਿੱਚ ਈਡੀ ਨੇ ਕਿੰਨੇ ਨੇਤਾਵਾਂ ਵਿਰੁੱਧ ਕੇਸ ਦਰਜ ਕੀਤੇ ਹਨ। ਕੀ ਵਿਰੋਧੀ ਨੇਤਾਵਾਂ ਖਿਲਾਫ ਕਾਰਵਾਈ ਵਧੀ ਹੈ? ਕਿੰਨਿਆਂ ਨੂੰ ਸਜ਼ਾ ਮਿਲੀ ਅਤੇ ਕਿੰਨੇ ਬੇਕਸੂਰ ਪਾਏ ਗਏ।
ਜਿਨ੍ਹਾਂ ਦੋ ਮਾਮਲਿਆਂ ਵਿੱਚ ਦੋਸ਼ ਸਾਬਤ ਹੋਏ, ਉਨ੍ਹਾਂ ਵਿੱਚੋਂ ਇੱਕ 2016-17 ਵਿੱਚ ਅਤੇ ਦੂਜਾ 2019-20 ਵਿੱਚ ਪੂਰਾ ਹੋਇਆ। ਕੇਂਦਰ ਸਰਕਾਰ ਨੇ ਕਿਹਾ ਕਿ ਈਡੀ ਭਰੋਸੇਯੋਗ ਸਬੂਤਾਂ ਅਤੇ ਸਮੱਗਰੀ ਦੇ ਆਧਾਰ ‘ਤੇ ਹੀ ਜਾਂਚ ਕਰਦੀ ਹੈ। ਈਡੀ ਦੀਆਂ ਸਾਰੀਆਂ ਕਾਰਵਾਈਆਂ ਹਮੇਸ਼ਾ ਨਿਆਂਇਕ ਸਮੀਖਿਆ ਲਈ ਖੁੱਲ੍ਹੀਆਂ ਹੁੰਦੀਆਂ ਹਨ।
Published on: ਮਾਰਚ 20, 2025 7:26 ਪੂਃ ਦੁਃ