ਕਈ ਬੱਚੇ ਜ਼ਖ਼ਮੀ, ਤਸਕਰ ਦੀ ਕਾਰ ‘ਚੋਂ ਭਾਰੀ ਮਾਤਰਾ ‘ਚ ਨਸ਼ਾ ਮਿਲਿਆ
ਬਠਿੰਡਾ, 21 ਮਾਰਚ, ਦੇਸ਼ ਕਲਿਕ ਬਿਊਰੋ :
ਬਠਿੰਡਾ ਵਿੱਚ ਇੱਕ ਨਸ਼ਾ ਤਸਕਰ ਨੇ ਸਵਿਫਟ ਡਿਜ਼ਾਇਰ ਕਾਰ ਨਾਲ ਸਕੂਲੀ ਬੱਚਿਆਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਮਾਡਲ ਟਾਊਨ ਨੇੜੇ ਰਿੰਗ ਰੋਡ ‘ਤੇ ਵਾਪਰੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਵੈਨ ਚਾਲਕ ਜਸਮੇਲ ਸਿੰਘ ਨੇ ਦੱਸਿਆ ਕਿ ਉਹ ਟਿਊਸ਼ਨ ਵਿਦਿਆਰਥੀਆਂ ਨੂੰ ਰਾਮਪੁਰਾ ਫੂਲ ਤੋਂ ਬਠਿੰਡਾ ਲੈ ਕੇ ਜਾ ਰਿਹਾ ਸੀ।ਜਦੋਂ ਉਹ ਰਿੰਗ ਰੋਡ ਤੋਂ ਮਾਡਲ ਟਾਊਨ ਵੱਲ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾਗ੍ਰਸਤ ਕਾਰ ਦੀ ਤਲਾਸ਼ੀ ਲਈ। ਕਾਰ ਦੀ ਡਿੱਗੀ ਵਿੱਚੋਂ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਹੋਇਆ। ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫਰਾਰ ਡਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਵੈਨ ਵਿੱਚ ਸਵਾਰ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।
Published on: ਮਾਰਚ 21, 2025 7:17 ਪੂਃ ਦੁਃ