ਚੰਡੀਗੜ, 21 ਮਾਰਚ: ਦੇਸ਼ ਕਲਿੱਕ ਬਿਓਰੋ
ਸੂਬੇ ਵਿੱਚ ਚੱਲ ਰਹੀ “ਭਿ੍ਰਸ਼ਟਾਚਾਰ ਵਿਰੁੱਧ ਜੰਗ’’ ਮੁਹਿੰਮ ਤਹਿਤ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ ਨੇ ਸਿਹਤ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ, ਅੰਮਿ੍ਰਤਸਰ ਸ਼ਹਿਰ ਵਿੱਚ ਫੂਡ ਪ੍ਰੋਸੈਸਿੰਗ ਫੈਕਟਰੀਆਂ ਅਤੇ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਕਾਰਵਾਈ ਦੌਰਾਨ ਬਿਨਾਂ ਲਾਇਸੈਂਸ ਅਤੇ ਹਲਕੀ ਗੁਣਵੱਤਾ ਦੇ ਖਾਧ-ਪਦਾਰਥ ਬਣਾਉਣ ਵਾਲੇ ਯੂਨਿਟ, ਖਾਸ ਕਰਕੇ ਸੋਇਆ ਚਾਂਪ ਅਤੇ ਮੋਮੋਜ਼ ਬਣਾਉਣ ਵਾਲੀਆਂ ਥਾਵਾਂ ’ਤੇ ਚੈਕਿੰਗ ਕੀਤੀ ਗਈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਤੇ ਸਿਹਤ ਤੇ ਖ਼ੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਰ-ਸਵੱਛ ਫੈਕਟਰੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।
“ਆਪਰੇਸ਼ਨ ਦੌਰਾਨ, ਟੀਮ ਨੇ ਰਾਮਬਾਗ ਖੇਤਰ ਵਿੱਚ ਥੋਕ ਦੁਕਾਨਾਂ ਦਾ ਨਿਰੀਖਣ ਕੀਤਾ, ਜਿੱਥੇ ਸੋਇਆ ਚਾਂਪ ਅਤੇ ਮੋਮੋਜ਼ ਦੇ ਨਮੂਨੇ ਲਏ ਗਏ ਸਨ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤੇ ਗਏ। ਇਹ ਵੀ ਪਤਾ ਲੱਗਾ ਕਿ ਕਈ ਦੁਕਾਨਦਾਰਾਂ ਕੋਲ ਲੋੜੀਂਦੇ ਭੋਜਨ ਸੁਰੱਖਿਆ ਲਾਇਸੈਂਸ ਨਹੀਂ ਸਨ ਅਤੇ ਉਹ ਖਾਣ-ਪੀਣ ਦੀਆਂ ਚੀਜਾਂ ਨੂੰ ਬਹੁਤ ਗ਼ੈਰ-ਸਿਹਤਮੰਦ ਤੇ ਗੰਦ-ਮੰਦੇ ਮਾਹੌਲ ਵਿੱਚ ਸਟੋਰ ਕਰ ਰਹੇ ਸਨ। ਉਨਾਂ ਅੱਗੇ ਕਿਹਾ,‘‘ ਉਲੰਘਣਾ ਕਰਨ ਵਾਲਿਆਂ ਦੇ ਚਲਾਨ (ਜੁਰਮਾਨੇ) ਕੀਤੇ ਗਏ,” ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ, ਟੀਮ ਨੇ ਅੰਗੜ ਵਿੱਚ ਸਥਿਤ ਦੋ ਸੋਇਆ ਚਾਂਪ ਬਣਾਉਣ ਵਾਲੀਆਂ ਫੈਕਟਰੀਆਂ ‘ਤੇ ਛਾਪੇਮਾਰੀ ਕੀਤੀ ਗਈ। ਦੋਵੇਂ ਫੈਕਟਰੀਆਂ ਬਹੁਤ ਹੀ ਗੈਰ-ਸਿਹਤਮੰਦ ਸਥਿਤੀਆਂ ਵਿੱਚ ਅਤੇ ਬਿਨਾਂ ਭੋਜਨ ਸੁਰੱਖਿਆ ਲਾਇਸੈਂਸਾਂ ਤੋਂ ਕੰਮ ਕਰਦੀਆਂ ਪਾਈਆਂ ਗਈਆਂ। ਨਤੀਜੇ ਵਜੋਂ, ਫੈਕਟਰੀਆਂ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਅਤੇ ਹੋਰ ਜਾਂਚ ਲਈ ਚਾਂਪ ਅਤੇ ਹੋਰ ਖਾਧ-ਪਦਾਰਥਾਂ ਦੇ ਨਮੂਨੇ ਲਏ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਾਂਝੇ ਆਪ੍ਰੇਸ਼ਨ ਦੌਰਾਨ ਕੁੱਲ ਪੰਜ ਨਮੂਨੇ ਇਕੱਠੇ ਕੀਤੇ ਗਏ ਸਨ। ਇਹ ਨਮੂਨੇ ਜਾਂਚ ਲਈ ਸਟੇਟ ਲੈਬਾਰਟਰੀ ਖਰੜ ਭੇਜੇ ਗਏ ਹਨ। ਲੈਬੋਰੇਟਰੀ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Published on: ਮਾਰਚ 21, 2025 8:03 ਬਾਃ ਦੁਃ