ਚੰਡੀਗੜ੍ਹ, 21 ਮਾਰਚ, ਦੇਸ਼ ਕਲਿਕ ਬਿਊਰੋ :
ਕਿਸਾਨਾਂ ਦੇ ਅੰਦੋਲਨ ਕਾਰਨ 13 ਮਹੀਨਿਆਂ ਤੋਂ ਬੰਦ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਵੀਰਵਾਰ ਰਾਤ (20 ਮਾਰਚ) ਨੂੰ ਖੁੱਲ੍ਹ ਗਈ। ਅੰਬਾਲਾ ਅਤੇ ਰਾਜਪੁਰਾ ਵਿਚਕਾਰ ਦੋਵਾਂ ਲੇਨਾਂ ’ਤੇ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਪੰਜਾਬ ਤੋਂ ਹਰਿਆਣਾ ਅਤੇ ਦਿੱਲੀ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਦਿੱਲੀ-ਪਟਿਆਲਾ ਹਾਈਵੇਅ ‘ਤੇ ਖਨੌਰੀ ਬਾਰਡਰ ਵਿਖੇ ਆਪਣੇ ਖੇਤਰ ਦੀਆਂ ਦੋਵੇਂ ਲਾਈਨਾਂ ਖੋਲ੍ਹ ਦਿੱਤੀਆਂ ਹਨ। ਉਥੋਂ ਸੀਮਿੰਟ ਦੀ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ। ਉਂਜ ਅਜੇ ਵੀ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਪੰਜਾਬ ਵਾਲੇ ਪਾਸੇ ਖੜ੍ਹੀਆਂ ਹਨ, ਜਿਸ ਕਾਰਨ ਆਵਾਜਾਈ ਹੌਲੀ ਚੱਲ ਰਹੀ ਹੈ।
ਜਿਕਰਯੋਗ ਹੈ ਕਿ ਬੁੱਧਵਾਰ (19 ਮਾਰਚ) ਦੀ ਰਾਤ ਨੂੰ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਸੀ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਵਿੱਚ 5 ਜ਼ਿਲ੍ਹਿਆਂ ਬਠਿੰਡਾ, ਮੁਕਤਸਰ, ਮੋਗਾ, ਫਰੀਦਕੋਟ ਅਤੇ ਹੁਸ਼ਿਆਰਪੁਰ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ।
Published on: ਮਾਰਚ 21, 2025 7:13 ਪੂਃ ਦੁਃ