ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ਤੇ ਵਿਧਾਨ ਸਭਾ ਵਿੱਚ ਕੇਂਦਰੀ ਯੂਪੀਐੱਸ ਸਕੀਮ ਨੂੰ ਰੱਦ ਕਰੇ ਸਰਕਾਰ
ਮੋਰਿੰਡਾ ,22 ਮਾਰਚ: ਦੇਸ਼ ਕਲਿੱਕ ਬਿਓਰੋ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਇਕਾਈ ਰੋਪੜ ਵੱਲੋਂ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵਿਧਾਇਕ ਡਾ ਚਰਨਜੀਤ ਸਿੰਘ ਚੰਨੀ ਨੂੰ ਮੋਰਿੰਡਾ ਦਫਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਅਤੇ ਅਗਾਮੀ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦਾ ਮਤਾ ਲਿਆਉਣ ਦੀ ਮੰਗ ਕੀਤੀ ਗਈ। ਹਲਕਾ ਵਿਧਾਇਕ ਦੀ ਗੈਰ ਮੌਜੂਦਗੀ ਵਿੱਚ ਹਰਪ੍ਰੀਤ ਸਿੰਘ ਕਾਹਲੋ ਹਲਕਾ ਇੰਚਾਰਜ,ਪੀ ਏ ਸ੍ਰੀ ਚੰਦ ਨੇ ਮੰਗ ਪੱਤਰ ਲਿਆ, ਇਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਸਬੰਧੀ ਹਲਕਾ ਵਿਧਾਇਕ ਵੱਲੋਂ ਵਿਧਾਨ ਸਭਾ ਵਿੱਚ ਇਹ ਸਵਾਲ ਨੋਟ ਕਰਾਇਆ ਗਿਆ ਹੈ।ਇਸ ਮੌਕੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਬਲਜਿੰਦਰ ਸਿੰਘ ਕਜੌਲੀ , ਮਨਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਕਿ 18 ਨਵੰਬਰ 2022 ਨੂੰ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮੌਜੂਦਾ ਸਮੇਂ ਯੂਪੀਐੱਸ ਸਕੀਮ ਦੀ ਆੜ ਹੇਠ ਲਾਗੂ ਕਰਨ ਤੋਂ ਪੰਜਾਬ ਸਰਕਾਰ ਟਾਲਾ ਵੱਟਦੀ ਨਜ਼ਰ ਆ ਰਹੀ ਹੈ।ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਰੱਦ ਕੀਤੇ ਗਏ ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ਤੇ ਕੇਂਦਰੀ ਯੂਪੀਐੱਸ ਸਕੀਮ ਨੂੰ ਵੀ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਜਾਵੇ।ਖੇਤੀਬਾੜੀ ਵਾਂਗ ਪੈਨਸ਼ਨ ਵੀ ਰਾਜਾਂ ਦਾ ਵਿਸ਼ਾ ਹੈ ਪਰ ਆਪ ਸਰਕਾਰ ਮੁਲਾਜ਼ਮਾਂ ਦੇ ਹੱਕ ਵਿੱਚ ਖੜਨ ਦੀ ਬਜਾਏ ਕੇਂਦਰ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ ਜਿਸ ਦੇ ਖਿਲਾਫ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।ਪੈਨਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਲਈ ਅਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਮਤਾ ਲਿਆਉਣ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ ।
ਇਸ ਮੌਕੇ ਦਲਜੀਤ ਸਿੰਘ ਘਨੌਲੀ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਹਿਮ ਵਿੱਤੀ ਮੰਗਾਂ ਨੂੰ ਲੈ ਕੇ 24 ਤੇ 25 ਮਾਰਚ ਤੱਕ ਬਜਟ ਸੈਸ਼ਨ ਦੇ ਸਮਾਂਤਰ ਦੋ ਦਿਨ ਰੈਲੀਆਂ ਅਤੇ ਵਿਧਾਨ ਸਭਾ ਚੰਡੀਗੜ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਤਹਿਤ ਫਰੰਟ ਵੱਲੋਂ 25 ਮਾਰਚ ਨੂੰ ਵੱਡੀ ਗਿਣਤੀ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਨਵਦੀਪ ਸਿੰਘ ਐਸਸੀ ਵਿੰਗ ,ਇੰਦਰਪਾਲ ਸਿੰਘ ਸਹਿਗਲ ,ਮਨਜੀਤ ਕੌਰ ਤੋਂ ਇਲਾਵਾ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਆਗੂ ਮਲਾਗਰ ਸਿੰਘ ਖਮਾਣੋ, ਸੁੱਖ ਰਾਮ ਕਾਲੇਵਾਲ, ਤਰਲੋਚਨ ਸਿੰਘ ਮੋਹਾਲੀ, ਬਲਜੀਤ ਸਿੰਘ ਹਿੰਦੂਪੁਰ ਹਾਜ਼ਰ ਸਨ।
Published on: ਮਾਰਚ 22, 2025 8:50 ਬਾਃ ਦੁਃ