ਅਬੋਹਰ, 22 ਮਾਰਚ, ਦੇਸ਼ ਕਲਿਕ ਬਿਊਰੋ :
ਅਬੋਹਰ ‘ਚ ਦਿਨ ਦਿਹਾੜੇ ਇਕ ਪੈਟਰੋਲ ਪੰਪ ‘ਤੇ ਲੁੱਟ ਦੀ ਘਟਨਾ ਵਾਪਰੀ ਹੈ। ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਪੰਪ ਦੇ ਸੇਲਜ਼ ਮੈਨੇਜਰ ‘ਤੇ ਕਾਪੇ ਨਾਲ ਹਮਲਾ ਕਰਕੇ 45 ਹਜ਼ਾਰ ਰੁਪਏ ਲੁੱਟ ਲਏ। ਇਹ ਘਟਨਾ ਪਿੰਡ ਚੰਨਣਖੇੜਾ ਦੇ ਐਵਰਗਰੀਨ ਪੈਟਰੋਲ ਪੰਪ ਦੀ ਹੈ।
ਘਟਨਾ ਦੇ ਸਮੇਂ ਸੇਲਜ਼ ਮੈਨੇਜਰ ਇੱਕ ਕਮਰੇ ਵਿੱਚ ਹਿਸਾਬ-ਕਿਤਾਬ ਕਰ ਰਿਹਾ ਸੀ। ਦੂਜੇ ਕਮਰੇ ਵਿੱਚ ਦੋ ਹੋਰ ਮੁਲਾਜ਼ਮ ਬੈਠੇ ਸਨ। ਇਸੇ ਦੌਰਾਨ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨ ਆ ਗਏ। ਇੱਕ ਬਦਮਾਸ਼ ਨੇ ਇੱਕ ਕਮਰੇ ਵਿੱਚ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਦੂਜੇ ਨੇ ਸੇਲਜ਼ ਮੈਨੇਜਰ ‘ਤੇ ਕਾਪੇ ਨਾਲ ਹਮਲਾ ਕਰ ਦਿੱਤਾ ਅਤੇ ਗੱਲੇ ‘ਚੋਂ ਨਕਦੀ ਲੁੱਟ ਲਈ।
ਪੈਟਰੋਲ ਪੰਪ ਦੇ ਮਾਲਕ ਸ਼ੰਕਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ। ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਸਦਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਮਾਰਚ 22, 2025 5:26 ਬਾਃ ਦੁਃ