ਮਾਲੇਰਕੋਟਲਾ 22 ਮਾਰਚ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫ਼ਤਰੀ ਵਿੱਚ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਰਗੜ੍ਹ ਦੀ ਚੈਕਿੰਗ ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਵਲੋਂ ਕੀਤੀ ਗਈ । ਚੈਕਿੰਗ ਦੌਰਾਨ ਏ.ਪੀ.ਓ ਮਗਨਰੇਗਾ ਗੈਰ ਹਾਜ਼ਰ ਪਾਇਆ ਗਿਆ। ਗੈਰ ਹਾਜ਼ਰ ਏ.ਪੀ.ਓ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੀ ਗਿਆ ।
ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਨੇ ਸਮੂਹ ਦਫ਼ਤਰਾਂ ਚ ਸਟਾਫ਼ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਕਰਦਿਆ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਦਫ਼ਤਰਾਂ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਮੇਂ ਸਿਰ ਆਉਣਾ, ਦਫ਼ਤਰੀ ਸਮੇਂ ਦੌਰਾਨ ਆਪਣੀ ਹਾਜ਼ਰੀ ਅਤੇ ਦਫ਼ਤਰੀ ਸਮੇਂ ਦੀ ਸੰਪੂਰਨਤਾ ਉਪਰੰਤ ਦਫ਼ਤਰ ਤੋਂ ਜਾਣ ਨੂੰ ਯਕੀਨੀ ਬਣਾਉਣ ।
ਉਨ੍ਹਾਂ ਕਿਹਾ ਕਿ ਆਮ ਲੋਕ ਜਦੋਂ ਸਰਕਾਰੀ ਦਫ਼ਤਰਾਂ ਵਿੱਚ ਸਮੱਸਿਆ ਦਾ ਹੱਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਾਦਾਰਦ (ਗੈਰ ਹਾਜ਼ਰ) ਦੇਖਦੇ ਹਨ ਤਾਂ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ ਅਤੇ ਅਜਿਹੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਕਰਕੇ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਦਫ਼ਤਰੀ ਸਮੇਂ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਚਾਹੀਦੀ ਹੈ । ਦਫ਼ਤਰਾਂ ਵਿੱਚ ਆਉਣ ਵਾਲੇ ਬਜ਼ੁਰਗਾਂ /ਲੋੜਵੰਦਾਂ ਦੇ ਕੰਮ ਪਹਿਲ ਤੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਪਣੀ ਰੁਟੀਨ ਨੂੰ ਠੀਕ ਕਰਦੇ ਹੋਏ, ਸਮੇਂ ਸਿਰ ਦਫ਼ਤਰ ‘ਚ ਆਉਣਾ ਯਕੀਨੀ ਬਣਾਉਣ ਲਈ ਕਿਹਾ ਅਤੇ ਹਦਾਇਤ ਜਾਰੀ ਕੀਤੀ ਕਿ ਉਹ ਦਫ਼ਤਰ ਤੋਂ ਬਾਹਰ ਫ਼ੀਲਡ ਵਿੱਚ ਸਰਕਾਰੀ ਕੰਮ ਲਈ ਜਾਣ ਸਮੇਂ ਮੂਵਮੈਂਟ ਰਜਿਸਟਰ ਵਿੱਚ ਇੰਦਰਾਜ ਕਰਨ ਨੂੰ ਵੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਫਿਰ ਤੋਂ ਕੀਤੀ ਜਾ ਸਕਦੀ ਹੈ। ਚੈਕਿੰਗ ਦੌਰਾਨ ਗੈਰ ਹਾਜ਼ਰ ਪਾਏ ਗਏ ਸਟਾਫ਼ ਵਿਰੁੱਧ ਅਨੁਸਾਸਨਿਕ ਕਾਰਜਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
Published on: ਮਾਰਚ 22, 2025 12:56 ਬਾਃ ਦੁਃ