ਸ੍ਰੀ ਮੁਕਤਸਰ ਸਾਹਿਬ , 24 ਮਾਰਚ, ਦੇਸ਼ ਕਲਿੱਕ ਬਿਓਰੋ :
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸੀ ਡੀ ਪੀ ਓ ਦਫਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਰੋਸ ਧਰਨਾ ਲਗਾਇਆ ਗਿਆ ਤੇ ਸੀ ਡੀ ਪੀ ੳ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ । ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪੁੱਜੇ ।
ਰੋਸ ਧਰਨੇ ਨੂੰ ਸੰਬੋਧਨ ਆਗੂਆਂ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮਾਰਚ 2025 ਵਿੱਚ ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ ਚੱਲ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਲਈ ਜੋ ਮੁਰਮੁਰੇ ਪੈਕਟਾਂ ਵਿੱਚ ਭੇਜੇ ਗਏ ਹਨ ਉਹ ਮੁਰਮੁਰੇ ਠੀਕ ਨਹੀਂ ਹਨ ਤੇ ਖਰਾਬ ਹਨ । ਉਹਨਾਂ ਦਾ ਰੰਗ ਵੀ ਬਦਲਿਆ ਪਿਆ ਹੈ ਤੇ ਖਾਣ ਵਿੱਚ ਵੀ ਕੌੜੇ ਹਨ । ਜਦੋਂ ਜਥੇਬੰਦੀ ਨੇ ਇਸ ਦਾ ਵਿਰੋਧ ਕੀਤਾ ਤਾਂ ਸੀ ਡੀ ਪੀ ਓ ਅਤੇ ਸੁਪਰਵਾਈਜਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਉੱਪਰ ਦਬਾ ਪਾ ਰਹੀਆਂ ਹਨ ਕਿ ਤੁਸੀਂ ਕਹੋ ਕਿ ਰਾਸ਼ਨ ਠੀਕ ਹੈ ।
ਆਗੂਆਂ ਨੇ ਕਿਹਾ ਕਿ ਪਿਛਲੇਂ ਸਮੇਂ ਦੌਰਾਨ ਵੀ ਮਹਿਕਮੇ ਵੱਲੋਂ ਪੰਜੀਰੀ ਅਤੇ ਹੋਰ ਸਮਾਨ ਖਰਾਬ ਭੇਜਿਆ ਗਿਆ ਸੀ । ਪਰ ਇਸ ਮਾੜੇ ਰਾਸ਼ਨ ਨੂੰ ਬੰਦ ਕਰਨ ਦੀ ਥਾਂ ਉਲਟਾ ਮਹਿਕਮੇ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਅਖਬਾਰਾਂ ਨੂੰ ਝੂਠੀਆਂ ਖਬਰਾਂ ਵੀ ਮਹਿਕਮੇ ਵੱਲੋਂ ਭੇਜੀਆਂ ਗਈਆਂ ਹਨ ਕਿ ਰਾਸ਼ਨ ਤਾਂ ਠੀਕ ਹੈ ਤੇ ਵਰਕਰਾਂ ਜਾਣ ਬੁੱਝ ਕੇ ਇਸ ਨੂੰ ਮਾੜਾ ਕਹਿ ਰਹੀਆਂ ਹਨ ਤੇ ਮਹਿਕਮੇ ਨੂੰ ਬਦਨਾਮ ਕਰ ਰਹੀਆਂ ਹਨ । ਆਗੂਆਂ ਨੇ ਕਿਹਾ ਕਿ ਅਜਿਹਾ ਮਾੜਾ ਰਾਸ਼ਨ ਖਾ ਕੇ ਔਰਤਾਂ ਬਿਮਾਰ ਹੋਣਗੀਆਂ । ਅਸੀਂ ਇਸ ਦਾ ਵਿਰੋਧ ਕਰਦੀਆਂ ਹਾਂ । ਉਹਨਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚ ਸਹੀ ਰਾਸ਼ਨ ਭੇਜਿਆ ਜਾਵੇ ਅਤੇ ਪ੍ਰਾਈਵੇਟ ਕੰਪਨੀਆਂ ਦੀ ਥਾਂ ਸਰਕਾਰੀ ਅਦਾਰੇ ਵੇਰਕਾ ਦਾ ਰਾਸ਼ਨ ਭੇਜਿਆ ਜਾਵੇ।
ਇਸ ਮੌਕੇ ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ , ਇੰਦਰਪਾਲ ਕੌਰ ਮੁਕਤਸਰ , ਬਲਜਿੰਦਰ ਕੌਰ ਖੱਪਿਆਂਵਾਲੀ, ਚਰਨਜੀਤ ਕੌਰ , ਅੰਮ੍ਰਿਤਪਾਲ ਕੌਰ ਥਾਂਦੇਵਾਲਾ , ਸੁਖਦੇਵ ਕੌਰ ਬਰਕੰਦੀ , ਰਾਜਵੀਰ ਕੌਰ ,ਬਰਕੰਦੀ ਨਰਿੰਦਰ ਕੌਰ ਕੋਟਲੀ ਦੇਵਣ ਪਰਮਜੀਤ ਕੌਰ ਜਵਾਹਰੇਵਾਲਾ , ਬਲਜਿੰਦਰ ਕੌਰ ਉਦੇਕਰਨ , ਕੋਰ ਜੀਤ ਕੌਰ , ਛਿੰਦਰ ਕੌਰ ਚੱਕ ਕਾਲਾ ਸਿੰਘ ਵਾਲਾ , ਰਾਜ ਰਾਣੀ ਉਦੇਕਰਨ ਅਤੇ ਹੋਰ ਆਗੂ ਮੌਜੂਦ ਸਨ ।
Published on: ਮਾਰਚ 24, 2025 5:05 ਬਾਃ ਦੁਃ