ਵਿਜੀਲੈਂਸ ਬਿਊਰੋ ਅਤੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਡੇਅਰੀਆਂ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ

ਪੰਜਾਬ



ਚੰਡੀਗੜ੍ਹ, 24 ਮਾਰਚ, 2025, ਦੇਸ਼ ਕਲਿੱਕ ਬਿਓਰੋ

ਸੂਬੇ ਵਿੱਚ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ਨੂੰ ਰੋਕਣ ਦੀ ਦਿਸ਼ਾ ਵਿੱਚ ਫੈਸਲਾਕੁੰਨ ਕਦਮ ਚੁੱਕਦਿਆਂ, ਪੰਜਾਬ Vigilance Bureau ਅਤੇ ਖੁਰਾਕ ਸੁਰੱਖਿਆ ਵਿਭਾਗ ਦੀਆਂ ਟੀਮਾਂ ਨੇ ਅੱਜ ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਕਈ ਡੇਅਰੀਆਂ ਅਤੇ ਫੂਡ ਜੁਆਇੰਟਸ ਦੀ ਅਚਨਚੇਤ ਚੈਕਿੰਗ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਲੈਬ ਜਾਂਚ ਲਈ ਦੁੱਧ, ਦਹੀਂ ਅਤੇ ਪਨੀਰ ਦੇ ਕਈ ਨਮੂਨੇ ਇਕੱਠੇ ਕੀਤੇ ਗਏ, ਜੋ ਕਿ ਮਿਲਾਵਟੀ ਭੋਜਨ ਉਤਪਾਦਾਂ ਵਿਰੁੱਧ ਸਰਕਾਰ ਦੀ ਠੋਸ ਕਾਰਵਾਈ ਨੂੰ ਦਰਸਾਉਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਖੁਰਾਕ ਸੁਰੱਖਿਆ ਅਧਿਕਾਰੀ ਸਤਵਿੰਦਰ ਸਿੰਘ ਅਤੇ ਵਿਜੀਲੈਂਸ ਬਿਊਰੋ ਇੰਸਪੈਕਟਰ ਸ਼ਕੁੰਤ ਚੌਧਰੀ ਦੀ ਅਗਵਾਈ ਹੇਠ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਫਤਿਹਗੜ੍ਹ ਸਾਹਿਬ ਦੇ ਜੋਤੀ ਸਰੂਪ ਚੌਕ ਨੇੜੇ ਸਥਿਤ ਇਮਾਨ ਡੇਅਰੀ ਦੀ ਚੈਕਿੰਗ ਕੀਤੀ ਗਈ ਜਿੱਥੇ ਦੁੱਧ, ਦਹੀਂ ਅਤੇ ਪਨੀਰ ਦੇ ਨਮੂਨੇ ਲਏ ਗਏ। ਇਸ ਤੋਂ ਇਲਾਵਾ, ਹੋਰ ਜਾਂਚ ਲਈ ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਾਹਮਣੇ ਸਥਿਤ ਚੀਮਾ ਡੇਅਰੀ ਤੋਂ ਦੁੱਧ ਦੇ ਨਮੂਨੇ ਲਏ ਗਏ।

ਵਿਜੀਲੈਂਸ ਬਿਊਰੋ ਵੱਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ। ਮਿਲਾਵਟਖੋਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਲੈਬ ਜਾਂਚ ਰਾਹੀਂ ਕਿਸੇ ਵੀ ਮਿਲਾਵਟਖੋਰੀ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਰੰਤ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰੂਪਨਗਰ ਵਿੱਚ ਵੀ ਕੀਤੀ ਗਈ ਚੈਕਿੰਗ

ਇਸੇ ਤਰ੍ਹਾਂ, ਵਿਜੀਲੈਂਸ ਬਿਊਰੋ ਵੱਲੋਂ ਐਸ.ਐਸ.ਪੀ./ਵਿਜੀਲੈਂਸ ਬਿਊਰੋ ਰੂਪਨਗਰ ਰੇਂਜ ਅਰੁਣ ਸੈਣੀ, ਡੀ.ਐਸ.ਪੀ./ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਗੁਰਚਰਨ ਸਿੰਘ ਅਤੇ ਸਿਹਤ ਤੇ ਖੁਰਾਕ ਸੁਰੱਖਿਆ ਵਿਭਾਗ, ਰੂਪਨਗਰ ਦੇ ਸਹਾਇਕ ਕਮਿਸ਼ਨਰ ਮਨਜਿੰਦਰ ਸਿੰਘ ਦੀ ਨਿਗਰਾਨੀ ਹੇਠ ਰੂਪਨਗਰ ਵਿਖੇ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ।

ਬੁਲਾਰੇ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਅਧਿਕਾਰੀ ਸਿਮਰਨਜੀਤ ਸਿੰਘ (ਰੂਪਨਗਰ-1) ਅਤੇ ਦਿਨੇਸ਼ ਜੋਤ ਸਿੰਘ ਸਮੇਤ ਟੀਮਾਂ ਨੇ ਬਿਨਾਂ ਲਾਇਸੈਂਸ ਵਾਲੇ ਵਿਕਰੇਤਾਵਾਂ ਤੋਂ ਸੋਇਆ ਚਾਪ, ਸਪਰਿੰਗ ਰੋਲ, ਮੋਮੋਜ਼, ਬੇਕਰੀ ਆਈਟਮਾਂ, ਬਰੈੱਡ ਅਤੇ ਘਿਓ ਦੇ ਨਮੂਨੇ ਇਕੱਤਰ ਕੀਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਗੁਣਵੱਤਾ ਅਤੇ ਸ਼ੁੱਧਤਾ ਦੀ ਜਾਂਚ ਕਰਨ ਲਈ ਇਹ ਨਮੂਨੇ ਲੈਬ ਵਿੱਚ ਭੇਜੇ ਗਏ ਹਨ। ਇਸ ਤੋਂ ਇਲਾਵਾ, ਲਾਇਸੈਂਸ ਤੋਂ ਬਿਨਾਂ ਕੰਮ ਕਰਨ ਵਾਲੇ ਜਾਂ ਮਾਪਦੰਡਾਂ ਮੁਤਾਬਕ ਸਾਫ਼-ਸਫਾਈ ਨਾ ਰੱਖਣ ਵਾਲੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕਈ ਮਾਮਲਿਆਂ ਵਿੱਚ ਜੁਰਮਾਨੇ ਵੀ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਡੇਅਰੀ ਮਾਲਕਾਂ, ਮਿਠਾਈਆਂ ਦੀਆਂ ਦੁਕਾਨਾਂ ਅਤੇ ਫੂਡ ਜੁਆਇੰਟ ਮਾਲਕਾਂ ਨੂੰ ਮਿਲਾਵਟਖੋਰੀ ਦੇ ਨਤੀਜਿਆਂ ਬਾਰੇ ਰਸਮੀ ਤੌਰ ‘ਤੇ ਚੇਤਾਵਨੀ ਦਿੱਤੀ ਗਈ ਅਤੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵਿੱਢੀ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਅਤੇ ਖੁਰਾਕ ਸੁਰੱਖਿਆ ਪ੍ਰਸ਼ਾਸਨ ਦੇ ਸਹਿਯੋਗ ਨਾਲ, ਵਿਜੀਲੈਂਸ ਟੀਮਾਂ ਵੱਲੋਂ ਸੂਬਾ ਪੱਧਰੀ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ, ਖਾਸ ਤੌਰ ‘ਤੇ ਉਨ੍ਹਾਂ ਖੇਤਰਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਜਿੱਥੇ ਮਿਲਾਵਟਖੋਰੀ ਵਧੇਰੇ ਪ੍ਰਚਲਿਤ ਮੰਨੀ ਜਾਂਦੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭੋਜਨ ਪਦਾਰਥਾਂ ਵਿੱਚ ਮਿਲਾਵਟਖੋਰੀ ਦੇ ਸ਼ੱਕੀ ਮਾਮਲਿਆਂ ਦੀ ਰਿਪੋਰਟ ਵਿਜੀਲੈਂਸ ਬਿਊਰੋ ਦੀ ਸਮਰਪਿਤ ਹੈਲਪਲਾਈਨ ‘ਤੇ ਕਰਨ ਲਈ ਵੀ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਗੁਪਤਤਾ ਅਤੇ ਤੁਰੰਤ ਕਾਰਵਾਈ ਦਾ ਭਰੋਸਾ ਵੀ ਦਿੱਤਾ।

Published on: ਮਾਰਚ 24, 2025 7:56 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।