ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ

ਸਿੱਖਿਆ \ ਤਕਨਾਲੋਜੀ ਪੰਜਾਬ

ਲੁਧਿਆਣਾ, 25 ਮਾਰਚ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੜਕੀਆਂ ਨੂੰ ਅੱਗੇ ਆ ਕੇ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਤਾਂ ਜੋ ਉਹ ਫੈਸਲਾ ਲੈਣ ਵਾਲੇ ਨਿਜ਼ਾਮ ਵਿੱਚ ਸਰਗਰਮ ਭਾਈਵਾਲ ਬਣ ਕੇ ਸਮਾਜ ਵਿੱਚ ਜ਼ਰੂਰੀ ਅਤੇ ਲੋੜੀਂਦੇ ਬਦਲਾਅ ਲਿਆ ਸਕਣ।

ਇੱਥੇ ਸਰਕਾਰੀ ਕਾਲਜ ਲੜਕੀਆਂ ਦੇ ਸਾਲਾਨਾ ਕਨਵੋਕੇਸ਼ਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਹਨ ਪਰ ਰਾਜਨੀਤੀ ਦਾ ਖ਼ੇਤਰ ਅਜੇ ਵੀ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਹੁਣ ਤੱਕ ਮਰਦਾਂ ਦੀ ਜਗੀਰ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਸਮਾਂ ਆ ਗਿਆ ਹੈ, ਜਦੋਂ ਔਰਤਾਂ ਨੂੰ ਇਸ ਖੇਤਰ ਵਿੱਚ ਵੀ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸਮਾਜ ਤੇ ਨਿਜ਼ਾਮ ਦੇ ਵਡੇਰੇ ਹਿੱਤ ਵਿੱਚ ਇਸ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਦੇ ਸਿਧਾਂਤਾਂ ਨੂੰ ਜ਼ਮੀਨੀ ਪੱਧਰ `ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਵੋਟ ਵਿਧਾਨ ਸਭਾ ਅਤੇ ਸੰਸਦ ਵਿੱਚ ਸਹੀ ਆਗੂਆਂ ਨੂੰ ਭੇਜ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਦੇਸ਼ ਦਾ ਮੋਹਰੀ, ਪ੍ਰਗਤੀਸ਼ੀਲ ਅਤੇ ਖ਼ੁਸ਼ਹਾਲ ਸੂਬਾ ਬਣਾਉਣ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਕੁੜੀਆਂ ਹਰੇਕ ਖ਼ੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਬਹੁਤ ਖੁਸ਼ ਹੁੰਦੇ ਹਨ, ਜਦੋਂ ਉਹ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਉਚਾਈਆਂ ਛੂੰਹਦੇ ਵੇਖਦੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਅਤੇ ਖ਼ੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਲਈ ਅਹਿਮ ਸਥਾਨ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਲੜਕੀਆਂ ਖੁਸ਼ਕਿਸਮਤ ਹਨ ਕਿ ਉਨ੍ਹਾਂ ਕੋਲ ਸੁਮਨ ਲਤਾ ਵਰਗੀ ਗਤੀਸ਼ੀਲ ਪ੍ਰਿੰਸੀਪਲ ਹੈ, ਜੋ ਉਨ੍ਹਾਂ ਦੇ ਕਰੀਅਰ ਨੂੰ ਵਧੀਆ ਢੰਗ ਨਾਲ ਤਿਆਰ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਔਰਤਾਂ ਦੇ ਸ਼ਕਤੀਕਰਨ ਲਈ ਠੋਸ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅੱਠ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ ਅਤੇ ਛੇ ਨੂੰ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਨਿਯੁਕਤ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ 18 ਮਹਿਲਾ ਅਧਿਕਾਰੀਆਂ ਨੂੰ ਏ.ਡੀ.ਸੀ. ਨਿਯੁਕਤ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਸਰਕਾਰ ਦੁਆਰਾ ਇਨ੍ਹਾਂ ਵੱਕਾਰੀ ਅਹੁਦਿਆਂ `ਤੇ ਤਾਇਨਾਤ ਔਰਤਾਂ ਦੀ ਸਭ ਤੋਂ ਵੱਧ ਗਿਣਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਸੱਤਾ ਵਿੱਚ ਆਉਣ ਦੇ 36 ਮਹੀਨਿਆਂ ਵਿੱਚ ਨੌਜਵਾਨਾਂ ਨੂੰ ਰਿਕਾਰਡ 52,000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ `ਤੇ ਦਿੱਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਨੌਜਵਾਨ ਇਨ੍ਹਾਂ ਸਬੰਧਤ ਵਿਭਾਗਾਂ ਵਿੱਚ ਸ਼ਾਮਲ ਹੋ ਕੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਅਜਿਹੀਆਂ ਮਿਸਾਲਾਂ ਨਾਲ ਭਰੀ ਪਈ ਹੈ, ਜਿੱਥੇ ਗਰੀਬ ਪਿਛੋਕੜ ਵਾਲਿਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਨੂੰ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਅਜਿਹੀਆਂ ਮਿਸਾਲਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਉਨ੍ਹਾਂ ਦੀ ਸਹਾਇਤਾ ਕਰੇਗੀ। ਇਕ ਮਿਸਾਲ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਲਦਸਤੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਹਨ ਅਤੇ ਇਹੀ ਵੰਨ-ਸੁਵੰਨਤਾ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ, ਜਿਸ ਕਾਰਨ ਉਹ ਇਸ ਨੂੰ ਦੇਖਣਾ ਪਸੰਦ ਕਰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਨਾਲ-ਨਾਲ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਵੀ ਮਾਣ ਪ੍ਰਾਪਤ ਹੈ ਅਤੇ ਇਸ ਦੇ ਲੋਕ ਆਪਣੀ ਹਿੰਮਤ ਅਤੇ ਉੱਦਮ ਦੀ ਭਾਵਨਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਚੱਪੇ-ਚੱਪੇ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਸ਼ਹੀਦਾਂ ਦੀ ਛੋਹ ਪ੍ਰਾਪਤ ਹੈ, ਜਿਨ੍ਹਾਂ ਸਾਨੂੰ ਜ਼ੁਲਮ ਅਤੇ ਬੇਇਨਸਾਫ਼ੀ ਦਾ ਵਿਰੋਧ ਕਰਨ ਦਾ ਰਸਤਾ ਦਿਖਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਅਮੀਰ ਸੱਭਿਆਚਾਰ, ਵਿਰਾਸਤ ਵਿੱਚ ਮਿਲਿਆ ਹੈ ਅਤੇ ਪੰਜਾਬੀ ਆਪਣੀ ਨਿੱਘੀ ਮਹਿਮਾਨਨਿਵਾਜ਼ੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸਾਧਾਰਨ ਪਰਿਵਾਰ ਵਿੱਚੋਂ ਹੋਣ ਅਤੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਨ ਕਾਰਨ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਇਹ ਆਗੂ ਸ਼ਾਸਨ ਉਤੇ ਆਪਣਾ ਇਲਾਹੀ ਅਧਿਕਾਰ ਸਮਝਦੇ ਸਨ, ਜਿਸ ਕਾਰਨ ਉਹ ਇਹ ਹਜ਼ਮ ਨਹੀਂ ਕਰ ਪਾ ਰਹੇ ਕਿ ਇਕ ਆਮ ਆਦਮੀ ਸੂਬੇ ਨੂੰ ਕੁਸ਼ਲਤਾ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਲੋਕ ਇਨ੍ਹਾਂ ਦੇ ਗੁਮਰਾਹਕੁਨ ਪ੍ਰਚਾਰ ਵਿੱਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਲੁਧਿਆਣਾ ਨਾਲ ਆਪਣੀ ਲੰਬੀ ਸਾਂਝ ਨੂੰ ਯਾਦ ਕੀਤਾ, ਜਦੋਂ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਉਹ ਕਲਾਕਾਰ ਵਜੋਂ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਲੜਕੀਆਂ ਨੂੰ ਜ਼ਿੰਦਗੀ ਵਿੱਚ ਅਸਫਲਤਾਵਾਂ ਕਾਰਨ ਕਦੇ ਵੀ ਹੌਸਲਾ ਨਾ ਹਾਰਨ ਅਤੇ ਨਿਰਾਸ਼ ਨਾ ਹੋਣ ਲਈ ਪ੍ਰੇਰਿਆ ਅਤੇ ਕਿਹਾ ਕਿ ਇਹੀ ਔਕੜਾਂ ਮਨੁੱਖ ਦੀ ਤਰੱਕੀ ਲਈ ਅਸਲ ਵਿੱਚ ਪੌੜੀ ਹੁੰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਨਿਮਰ ਰਹਿਣ ਅਤੇ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਜ਼ਿੰਦਗੀ ਵਿੱਚ ਸਫਲਤਾ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ।

Published on: ਮਾਰਚ 25, 2025 8:41 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।